ਮੋਤੀਹਾਰੀ/ਬਿਹਾਰ: ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੇ ਮੋਬਾਈਲ 'ਤੇ ਵੀਡੀਓ ਗੇਮ ਖੇਡਦੇ ਹੋਏ ਅਜਿਹਾ ਖਤਰਨਾਕ ਕਦਮ ਚੁੱਕਿਆ ਕਿ ਉਸ ਦੀ ਜਾਨ ਨੂੰ ਖ਼ਤਰਾ ਹੋ ਗਿਆ। ਖੇਡ ਦਾ ਆਦੀ ਹੋਣ ਕਾਰਨ ਉਹ ਘਰ ਵਿੱਚ ਪਿਆ ਲੋਹੇ ਦਾ ਸਮਾਨ ਨਿਗਲਣ ਲੱਗ ਪਿਆ। ਮੋਤੀਹਾਰੀ ਦੇ ਚੰਦਮਾਰੀ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਐਕਸਰੇ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਲੋਹੇ ਦੀਆਂ ਕਈ ਚੀਜ਼ਾਂ ਮੌਜੂਦ ਸਨ।
ਪਰਿਵਾਰ ਵਾਲਿਆਂ ਨੇ ਕੀ ਕਿਹਾ: ਡਾਕਟਰਾਂ ਨੇ ਅਪ੍ਰੇਸ਼ਨ ਕਰਕੇ ਉਸ ਦੇ ਪੇਟ 'ਚੋਂ ਚਾਕੂ, ਨੇਲ ਕਟਰ ਅਤੇ ਚਾਬੀ ਦੀ ਚੇਨ ਸਮੇਤ ਕਈ ਸਾਮਾਨ ਕੱਢ ਲਿਆ। ਪਰਿਵਾਰਕ ਮੈਂਬਰਾਂ ਅਨੁਸਾਰ ਘਰ ਵਿੱਚੋਂ ਛੋਟੀਆਂ-ਮੋਟੀਆਂ ਚੀਜ਼ਾਂ ਗਾਇਬ ਹੋ ਰਹੀਆਂ ਸਨ, ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ। ਜਦੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਇਨਕਾਰ ਕਰਦਾ ਰਿਹਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ PUBG ਗੇਮ ਖੇਡਣ ਦਾ ਆਦੀ ਸੀ। ਇਸ ਨਸ਼ੇ ਕਾਰਨ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ।