ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਬੰਬ ਦੀ ਧਮਕੀ ਤੋਂ ਬਾਅਦ ਦਿੱਲੀ ਤੋਂ ਲੰਡਨ ਜਾਣ ਵਾਲੀ ਵਿਸਤਾਰਾ ਫਲਾਈਟ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ। ਜਹਾਜ਼ ਦੀ ਫ੍ਰੈਂਕਫਰਟ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਿਰ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੱਸਣਯੋਗ ਹੈ ਕਿ ਕਈ ਥਾਵਾਂ 'ਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਕਈ ਫਰਜ਼ੀ ਧਮਕੀਆਂ ਮਿਲੀਆਂ ਹਨ।
ਜਾਂਚ ਤੋਂ ਬਾਅਦ ਹੋਵੇਗੀ ਰਵਾਨਗੀ
ਏਅਰਲਾਈਨ ਦੇ ਬੁਲਾਰੇ ਨੇ ਸ਼ਨੀਵਾਰ ਸਵੇਰੇ ਇਕ ਬਿਆਨ 'ਚ ਕਿਹਾ ਕਿ ਜਹਾਜ਼ ਫਰੈਂਕਫਰਟ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ ਅਤੇ ਉਸ ਦੀ ਜਾਂਚ ਕੀਤੀ ਗਈ। ਸੁਰੱਖਿਆ ਏਜੰਸੀਆਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਆਪਣੀ ਮੰਜ਼ਿਲ ਲਈ ਰਵਾਨਾ ਹੋਵੇਗਾ। ਬੁਲਾਰੇ ਨੇ ਦੱਸਿਆ ਕਿ 18 ਅਕਤੂਬਰ, 2024 ਨੂੰ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਫਲਾਈਟ UK17 ਨੂੰ ਸੋਸ਼ਲ ਮੀਡੀਆ 'ਤੇ ਧਮਕੀ ਮਿਲੀ ਸੀ। ਇਸ ਦੀ ਸੂਚਨਾ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ। ਸਾਵਧਾਨੀ ਦੇ ਤੌਰ 'ਤੇ ਪਾਇਲਟਾਂ ਨੇ ਫਲਾਈਟ ਨੂੰ ਫਰੈਂਕਫਰਟ ਵੱਲ ਮੋੜਨ ਦਾ ਫੈਸਲਾ ਕੀਤਾ। ਇਸ ਦੌਰਾਨ, ਅਕਾਸਾ ਏਅਰ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਬੈਂਗਲੁਰੂ ਤੋਂ ਮੁੰਬਈ ਜਾਣ ਵਾਲੀ ਉਸਦੀ ਫਲਾਈਟ QP 1366 ਨੂੰ ਟੇਕਆਫ ਤੋਂ ਥੋੜ੍ਹੀ ਦੇਰ ਪਹਿਲਾਂ ਚੇਤਾਵਨੀ ਮਿਲੀ ਸੀ।