ਹੈਦਰਾਬਾਦ ਡੈਸਕ:ਸਕੂਲਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਪੜਨ ਨੂੰ ਮਿਲਦੀਆਂ ਹਨ। ਹੁਣ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਦੇ ਦਿਲਾਂ 'ਚ ਇੱਕ ਡਰ ਪੈਦਾ ਕਰ ਦਿੱਤਾ। ਇੱਕ ਪਾਸੇ ਤਾਂ ਬੱਚੇ ਬਰੋਡ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਅਤੇ ਆਪਣੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ ਤਾਂ ਦੂਜੇ ਪਾਸੇ ਇੱਕ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਅਜਿਹਾ ਇਮਤਿਹਾਨ ਦੇਣ ਨੂੰ ਕਿਹਾ, ਜਿਸ ਨੂੰ ਇਹ ਵਿਦਿਆਰਥਣਾਂ ਕਦੇ ਵੀ ਨਹੀਂ ਭੁਲਾ ਸਕਦੀਆਂ।
ਪ੍ਰਿੰਸੀਪਲ ਨੇ ਉਤਰਵਾਈਆਂ ਕਮੀਜ਼ਾਂ
ਇਹ ਮਾਮਲਾ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਾਮੀ ਪ੍ਰਾਈਵੇਟ ਸਕੂਲ ਵਿੱਚ ਬੋਰਡ ਇਮਤਿਹਾਨਾਂ ਤੋਂ ਪਹਿਲਾਂ ਲੜਕੀਆਂ ਸਕੂਲ ਦੇ ਆਖਰੀ ਦਿਨ ਨੂੰ ਆਪਣੀਆਂ ਸਹੇਲੀਆਂ ਨਾਲ ਯਾਦਗਾਰ ਬਣਾਉਣਾ ਚਾਹੁੰਦੀਆਂ ਸਨ ਪਰ ਸਕੂਲ ਪ੍ਰਿੰਸੀਪਲ ਦੇ ਸਖ਼ਤ ਹੁਕਮ ਨੇ ਇਸ ਦਿਨ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਬੇਹੱਦ ਮਾੜਾ ਦਿਨ ਬਣਾ ਦਿੱਤਾ, ਜਿਸ ਨੂੰ ਉਹ ਸ਼ਾਇਦ ਹੀ ਭੁੱਲ ਸਕਣ। ਘਟਨਾ ਅਜਿਹੀ ਹੈ ਕਿ ਜੋ ਵੀ ਸੁਣ ਰਿਹਾ ਹੈ, ਉਹ ਪ੍ਰਿੰਸੀਪਲ 'ਤੇ ਭੜਕ ਰਿਹਾ। ਮਾਪੇ ਗੁੱਸੇ ਵਿੱਚ ਹਨ। ਉਹ ਪ੍ਰਿੰਸੀਪਲ ਖ਼ਿਲਾਫ਼ ਸਖ਼ਤ ਕਾਰਵਾਈ ਚਾਹੁੰਦੇ ਹਨ।
ਕੀ ਹੈ ਪੂਰਾ ਮਾਮਲਾ
ਦਰਅਸਲ ਬੀਤੇ ਦਿਨੀਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਸਕੂਲ ਦੇ ਆਖਰੀ ਦਿਨ ਨੂੰ ਯਾਦਗਾਰ ਬਣਾਉਣ ਲਈ ਪੈੱਨ ਦਿਵਸ ਮਨਾ ਰਹੀਆਂ ਸਨ ਪਰ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦਾ ਅਜਿਹਾ ਕਰਨ ਨਾਲ ਪ੍ਰਿੰਸੀਪਲ ਇੰਨੀ ਨਾਰਾਜ਼ ਹੋਵੇਗੀ ਕਿ ਉਨ੍ਹਾਂ ਨਾਲ ਇੰਨਾ ਬੁਰਾ ਅਤੇ ਸ਼ਰਮਨਾਕ ਸਲੂਕ ਕੀਤਾ ਜਾਵੇਗਾ। ਗੱਲ ਸਿਰਫ ਇੰਨੀ ਸੀ ਕਿ ਕਲਮ ਦਿਵਸ ਮਨਾ ਰਹੀਆਂ ਵਿਦਿਆਰਥਣਾਂ ਇਕ-ਦੂਜੇ ਦੀਆਂ ਕਮੀਜ਼ਾਂ 'ਤੇ ਸ਼ੁਭ ਕਾਮਨਾਵਾਂ ਲਿਖ ਰਹੀਆਂ ਸਨ ਪਰ ਸਕੂਲ ਦੀ ਪ੍ਰਿੰਸੀਪਲ ਐਮ ਦੇਵਸ਼੍ਰੀ ਨੂੰ ਇਹ ਪਸੰਦ ਨਹੀਂ ਆਇਆ । ਜਿਸ ਤੋਂ ਬਾਅਦ ਪ੍ਰਿੰਸੀਪਲ ਨੇ ਸਭ ਤੋਂ ਪਹਿਲਾਂ ਸਾਰੀਆਂ ਵਿਦਿਆਰਥਣਾਂ ਨੂੰ ਡਾਂਟ ਲਗਾਈ। ਇਸ ਤੋਂ ਬਾਅਦ ਉਸ ਨੇ 80 ਤੋਂ ਵੱਧ ਵਿਦਿਆਰਥਣਾਂ ਨੂੰ ਆਪਣੀਆਂ ਕਮੀਜ਼ਾਂ ਉਤਾਰਨ ਲਈ ਕਿਹਾ। ਇੰਨਾ ਹੀ ਨਹੀਂ ਕਮੀਜ਼ ਉਤਾਰਨ ਤੋਂ ਬਾਅਦ ਕਿਸੇ ਵੀ ਵਿਦਿਆਰਥਣ ਨੂੰ ਕਮੀਜ਼ ਨਹੀਂ ਪਹਿਨਣ ਦਿੱਤੀ ਗਈ। ਵਿਦਿਆਰਥਣਾਂ ਨੂੰ ਸਿਰਫ਼ ਬਲੇਜ਼ਰ ਪਹਿਨਣ ਦੀ ਇਜਾਜ਼ਤ ਦਿੱਤੀ। ਵਿਦਿਆਰਥਣਾਂ ਨੂੰ ਬਲੇਜ਼ਰ ਪਾ ਕੇ ਹੀ ਘਰ ਭੇਜ ਦਿੱਤਾ ਗਿਆ। ਵਿਦਿਆਰਥਣਾਂ ਰੋ-ਰੋ ਕੇ ਸਕੂਲ ਪ੍ਰਸ਼ਾਸਨ ਨੂੰ ਮਿੰਨਤਾਂ ਕਰਦੀਆਂ ਰਹੀਆਂ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਘਰ ਪਹੁੰਚ ਕੇ ਲੜਕੀਆਂ ਰੋਂਦੀਆਂ ਰਹੀਆਂ ਅਤੇ ਰੋਂਦੇ ਹੋਏ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ। ਵਿਦਿਆਰਥਣਾਂ ਹੁਣ ਇਸ ਪੈੱਨ ਦਿਵਸ ਨੂੰ ਸਦਮੇ ਵਾਲਾ ਦਿਨ ਕਹਿ ਰਹੀਆਂ ਹਨ।
ਵਿਦਿਆਰਥਣਾਂ ਨੇ ਜਿਵੇਂ ਹੀ ਇਸ ਘਟਨਾ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਹ ਭੜਕ ਉੱਠੇ। ਜਿਸ ਤੋਂ ਬਾਅਦ ਉਹ ਡੀਸੀ ਦਫ਼ਤਰ ਪੁੱਜੇ। ਉਨ੍ਹਾਂ ਡੀਸੀ ਤੋਂ ਸਕੂਲ ਪ੍ਰਿੰਸੀਪਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਹ ਪੁੱਛ ਰਹੇ ਹਨ ਕਿ ਉਨ੍ਹਾਂ ਦੀਆਂ ਧੀਆਂ ਨੇ ਅਜਿਹਾ ਕੀ ਗੁਨਾਹ ਕੀਤਾ ਸੀ ਕਿ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਗਿਆ। ਜਿਸ ਹਾਲਤ ਵਿਚ ਉਨ੍ਹਾਂ ਦੀਆਂ ਧੀਆਂ ਘਰ ਪਹੁੰਚੀਆਂ ਸਨ, ਉਹ ਉਨ੍ਹਾਂ ਨੂੰ ਦੇਖਣ ਦੇ ਯੋਗ ਵੀ ਨਹੀਂ ਸੀ। ਪ੍ਰਿੰਸੀਪਲ ਨੇ ਅਜਿਹਾ ਕਰਦੇ ਹੋਏ ਥੋੜੀ ਜਿਹੀ ਵੀ ਸ਼ਰਮ ਮਹਿਸੂਸ ਨਹੀਂ ਕੀਤੀ।