ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਾਲ ਹੀ ਵਿੱਚ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। ਅਦਾਕਾਰ ਧਰਮਿੰਦਰ ਤੋਂ ਇਲਾਵਾ ਦੋ ਹੋਰਾਂ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ। ਇਹ ਮਾਮਲਾ 'ਗਰਮ ਧਰਮ ਢਾਬਾ' ਫਰੈਂਚਾਇਜ਼ੀ ਨਾਲ ਸਬੰਧਤ ਹੈ।
ਜੁਡੀਸ਼ੀਅਲ ਮੈਜਿਸਟਰੇਟ (ਫਸਟ ਕਲਾਸ) ਯਸ਼ਦੀਪ ਚਾਹਲ ਵੱਲੋਂ ਜਾਰੀ ਸੰਮਨ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ 'ਤੇ ਆਧਾਰਿਤ ਹਨ, ਜਿੰਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ।
ਜੱਜ ਨੇ 5 ਦਸੰਬਰ ਨੂੰ ਦਿੱਤੇ ਸੰਮਨ ਆਦੇਸ਼ ਵਿੱਚ ਕਿਹਾ, "ਰਿਕਾਰਡ 'ਤੇ ਮੌਜੂਦ ਸਬੂਤ ਪਹਿਲੀ ਨਜ਼ਰੇ ਇਹ ਦਰਸਾਉਂਦੇ ਹਨ ਕਿ ਮੁਲਜ਼ਮ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਧੋਖਾਧੜੀ ਦੇ ਅਪਰਾਧ ਦੇ ਤੱਤਾਂ ਦਾ ਸਹੀ ਢੰਗ ਨਾਲ ਖੁਲਾਸਾ ਕੀਤਾ ਗਿਆ ਹੈ।" ਜਿਸ ਤੋਂ ਬਾਅਦ ਮੁਲਜ਼ਮ ਵਿਅਕਤੀ ਨੰਬਰ 1 (ਧਰਮ ਸਿੰਘ ਦਿਓਲ), 2 ਅਤੇ 3 ਨੂੰ ਧਾਰਾ 420, 120ਬੀ ਦੇ ਨਾਲ ਧਾਰਾ 34 ਆਈਪੀਸੀ ਦੇ ਤਹਿਤ ਜੁਰਮ ਕਰਨ ਲਈ ਬੁਲਾਇਆ ਜਾਂਦਾ ਹੈ। ਮੁਲਜ਼ਮ ਵਿਅਕਤੀਆਂ ਕ੍ਰਮਾਂਕ 2 ਅਤੇ 3 ਨੂੰ ਆਈਪੀਸੀ ਦੀ ਧਾਰਾ 506 ਦੇ ਤਹਿਤ ਅਪਰਾਧਿਕ ਧਮਕੀ ਦੇ ਜੁਰਮ ਲਈ ਵੀ ਬੁਲਾਇਆ ਜਾਂਦਾ ਹੈ, ਕੇਸ ਦੀ ਅਗਲੀ ਸੁਣਵਾਈ 20 ਫਰਵਰੀ, 2025 ਨੂੰ ਹੋਵੇਗੀ।
9 ਅਕਤੂਬਰ, 2020 ਨੂੰ, ਅਦਾਲਤ ਨੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ਾਂ ਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਅਦਾਲਤ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਸ਼ਿਕਾਇਤਕਰਤਾ ਨੂੰ ਸਬੂਤ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਸ਼ਿਕਾਇਤਕਰਤਾ ਸੁਸ਼ੀਲ ਕੁਮਾਰ ਵੱਲੋਂ ਐਡਵੋਕੇਟ ਡੀਡੀ ਪਾਂਡੇ ਪੇਸ਼ ਹੋਏ।
ਵਪਾਰੀ ਨੂੰ ਲਾਲਚ ਦੇ ਕੇ ਠੱਗੀ ਮਾਰਨ ਦਾ ਦੋਸ਼
ਸ਼ਿਕਾਇਤਕਰਤਾ ਦੇ ਅਨੁਸਾਰ ਅਪ੍ਰੈਲ 2018 ਵਿੱਚ ਸਹਿ-ਮੁਲਜ਼ਮ ਨੇ ਉਸ ਕੋਲ NH-24/NH-9, ਉੱਤਰ ਪ੍ਰਦੇਸ਼ 'ਤੇ ਗਰਮ ਧਰਮ ਢਾਬਾ ਦੀ ਫਰੈਂਚਾਈਜ਼ੀ ਖੋਲ੍ਹਣ ਦੀ ਤਜਵੀਜ਼ ਲੈ ਕੇ ਸੰਪਰਕ ਕੀਤਾ ਸੀ। ਸ਼ਿਕਾਇਤਕਰਤਾ ਨੂੰ ਕਥਿਤ ਤੌਰ 'ਤੇ ਇਸ ਬਹਾਨੇ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਕਿ ਕਨਾਟ ਪਲੇਸ, ਦਿੱਲੀ ਅਤੇ ਮੁਰਥਲ, ਹਰਿਆਣਾ ਵਿੱਚ ਉਕਤ ਰੈਸਟੋਰੈਂਟ ਦੀਆਂ ਸ਼ਾਖਾਵਾਂ ਲੱਗਭਗ 70 ਤੋਂ 80 ਲੱਖ ਰੁਪਏ ਦਾ ਮਹੀਨਾਵਾਰ ਟਰਨਓਵਰ ਕਰ ਰਹੀਆਂ ਹਨ। ਸ਼ਿਕਾਇਤਕਰਤਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਸ ਦੇ ਨਿਵੇਸ਼ 'ਤੇ ਸੱਤ ਫੀਸਦੀ ਮੁਨਾਫਾ ਦੇਣ ਦੇ ਬਦਲੇ ਉਸ ਨੂੰ 41 ਲੱਖ ਰੁਪਏ ਨਿਵੇਸ਼ ਕਰਨੇ ਪੈਣਗੇ। ਸ਼ਿਕਾਇਤਕਰਤਾ ਨਾਲ ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਉਸ ਨੂੰ ਉੱਤਰ ਪ੍ਰਦੇਸ਼ ਵਿੱਚ ਫਰੈਂਚਾਇਜ਼ੀ ਸਥਾਪਤ ਕਰਨ ਲਈ ਪੂਰੀ ਸਹਾਇਤਾ ਦਿੱਤੀ ਜਾਵੇਗੀ। ਇਸ ਸਬੰਧੀ ਸ਼ਿਕਾਇਤਕਰਤਾ ਅਤੇ ਸਹਿ-ਮੁਲਜ਼ਮ ਵਿਚਕਾਰ ਕਈ ਈ-ਮੇਲਾਂ ਦਾ ਆਦਾਨ-ਪ੍ਰਦਾਨ ਵੀ ਹੋਇਆ। ਕਈ ਮੀਟਿੰਗਾਂ ਵੀ ਹੋਈਆਂ। ਕਨਾਟ ਪਲੇਸ ਸਥਿਤ "ਗਰਮ ਧਰਮ ਢਾਬਾ" ਦੇ ਬ੍ਰਾਂਚ ਆਫਿਸ ਵਿਖੇ ਸ਼ਿਕਾਇਤਕਰਤਾ, ਉਸ ਦੇ ਕਾਰੋਬਾਰੀ ਸਾਥੀਆਂ ਅਤੇ ਸਹਿ-ਮੁਲਜ਼ਮ ਵਿਚਕਾਰ ਮੀਟਿੰਗ ਵੀ ਕੀਤੀ ਗਈ।