ਨਵੀਂ ਦਿੱਲੀ:ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਬੰਗਲਾਦੇਸ਼ ਨੇ ਸਖ਼ਤ ਟਿੱਪਣੀ ਕੀਤੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਡੇ ਦੇਸ਼ ਦੇ ਨਾਗਰਿਕਾਂ ਬਾਰੇ ਜੋ ਵੀ ਬਿਆਨ ਦਿੱਤਾ ਹੈ, ਅਸੀਂ ਉਸ ਦਾ ਸਖ਼ਤ ਵਿਰੋਧ ਕਰਦੇ ਹਾਂ। ਬੰਗਲਾਦੇਸ਼ ਨੇ ਵੀ ਭਾਰਤ ਦੇ ਹਾਈ ਕਮਿਸ਼ਨਰ ਨੂੰ ਬੁਲਾ ਕੇ ਆਪਣਾ ਰੋਸ ਪ੍ਰਗਟਾਇਆ ਹੈ। ਆਓ ਪਹਿਲਾਂ ਜਾਣਦੇ ਹਾਂ ਕਿ ਅਮਿਤ ਸ਼ਾਹ ਨੇ ਕੀ ਕਿਹਾ ਸੀ।
ਝਾਰਖੰਡ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਸੀ, "ਝਾਰਖੰਡ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਰੋਹਿੰਗਿਆ ਅਤੇ ਬੰਗਲਾਦੇਸ਼ੀਆਂ ਨੂੰ ਇੱਥੋਂ ਕੱਢ ਦੇਵਾਂਗੇ। ਇਹ ਲੋਕ ਸਾਡੀ ਸੱਭਿਅਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਸਾਡੀ ਜਾਇਦਾਦ ਉੱਤੇ ਵੀ ਕਬਜ਼ਾ ਕਰ ਰਹੇ ਹਨ।" ਸ਼ਾਹ ਨੇ ਕਿਹਾ ਕਿ ਜੇਕਰ ਬੰਗਲਾਦੇਸ਼ੀਆਂ ਦੀ ਘੁਸਪੈਠ ਨਾ ਰੋਕੀ ਗਈ ਤਾਂ ਅਗਲੇ 25-30 ਸਾਲਾਂ 'ਚ ਉਹ ਇੱਥੇ ਬਹੁਗਿਣਤੀ ਬਣ ਜਾਣਗੇ ਅਤੇ ਰੁਜ਼ਗਾਰ 'ਤੇ ਕਬਜ਼ਾ ਕਰ ਲੈਣਗੇ। ਇਹ ਲੋਕ ਫਰਜ਼ੀ ਵਿਆਹ ਕਰਵਾ ਕੇ ਸਾਡੀਆਂ ਲੜਕੀਆਂ ਨੂੰ ਵਰਗਲਾ ਰਹੇ ਹਨ।
ਸ਼ਾਹ ਦੇ ਇਸ ਬਿਆਨ 'ਤੇ ਬੰਗਲਾਦੇਸ਼ ਨੇ ਟਿੱਪਣੀ ਕੀਤੀ ਹੈ। ਬੰਗਲਾਦੇਸ਼ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਭਾਰਤ ਸਾਡੇ ਨਾਗਰਿਕਾਂ, ਖਾਸ ਤੌਰ 'ਤੇ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ 'ਤੇ ਅਜਿਹੀਆਂ ਟਿੱਪਣੀਆਂ ਕਰੇਗਾ, ਜਿਸ ਨਾਲ ਆਪਸੀ ਸਨਮਾਨ ਦੀ ਭਾਵਨਾ ਘਟਦੀ ਹੈ।
ਬੰਗਲਾਦੇਸ਼ੀਆਂ ਨੂੰ ਲੈ ਕੇ ਸਖ਼ਤ ਟਿੱਪਣੀ
ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਗਸਤ ਮਹੀਨੇ ਵਿੱਚ ਝਾਰਖੰਡ ਹਾਈ ਕੋਰਟ ਨੇ ਵੀ ਬੰਗਲਾਦੇਸ਼ੀਆਂ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਸੂਬਾ ਸਰਕਾਰ ਨੂੰ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਕਿਉਂਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਦੇ ਨਵੇਂ ਅੰਤਰਿਮ ਮੁਖੀ ਮੁਹੰਮਦ. ਯੂਨਸ ਫਿਲਹਾਲ ਅਮਰੀਕਾ 'ਚ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਥੋਂ ਵਾਪਸ ਆ ਰਹੇ ਹਨ ਪਰ ਦੋਹਾਂ ਦੀ ਮੁਲਾਕਾਤ ਨਹੀਂ ਹੋਈ। ਵੈਸੇ ਤਾਂ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਜ਼ਰੂਰ ਹੋਈ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈ-ਸ਼ੰਕਰ ਅਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਤੌਹੀਦ ਹੁਸੈਨ ਨੇ ਅਮਰੀਕਾ ਵਿੱਚ ਮੁਲਾਕਾਤ ਕੀਤੀ।