ਜੰਮੂ: ਜੰਮੂ-ਕਸ਼ਮੀਰ ਦੇ ਅਖਨੂਰ ਇਲਾਕੇ 'ਚ ਸਰਹੱਦ 'ਤੇ ਪਾਕਿਸਤਾਨੀ ਗੋਲੀਬਾਰੀ 'ਚ ਬੀਐੱਸਐੱਫ ਦਾ ਇਕ ਜਵਾਨ ਜ਼ਖਮੀ ਹੋ ਗਿਆ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ। ਜੰਮੂ ਵਿੱਚ ਬੀਐਸਐਫ ਦੇ ਬੁਲਾਰੇ ਅਨੁਸਾਰ ਗੋਲੀਬਾਰੀ ਦੀ ਘਟਨਾ ਬੀਤੀ ਰਾਤ ਕਰੀਬ 2.35 ਵਜੇ ਵਾਪਰੀ। ਅਖਨੂਰ ਇਲਾਕੇ 'ਚ ਸਰਹੱਦ ਪਾਰ ਤੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ ਗਈ। ਸੁਰੱਖਿਆ ਬਲ ਹਾਈ ਅਲਰਟ 'ਤੇ ਹਨ।
ਜ਼ਖਮੀ ਫੌਜੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਇਲਾਕੇ 'ਚ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਅੱਤਵਾਦੀਆਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਹੋਏ ਹਨ।