ਚੰਡੀਗੜ੍ਹ: ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਪੰਜਾਬੀ ਫਿਲਮ 'ਗੁਰਮੁਖ' ਛਾਈ ਹੋਈ ਹੈ, ਇਹ ਫਿਲਮ 24 ਜਨਵਰੀ ਨੂੰ ਓਟੀਟੀ ਪਲੇਟਫਾਰਮ ਕੇਬਲਵਨ ਉਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਪੂਰੀ ਟੀਮ ਜ਼ੋਰਾਂ-ਸ਼ੋਰਾਂ ਨਾਲ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ।
ਇੱਕ ਸਿੱਖ ਨੂੰ ਪੱਗ ਦੀ ਮਹੱਤਤਾ ਬਾਰੇ ਸਮਝਾਉਂਦੀ ਇਸ ਫਿਲਮ ਵਿੱਚ ਕਈ ਵੱਡੇ ਚਿਹਰੇ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹੁਣ ਇਸੇ ਫਿਲਮ ਦੀ ਸਟਾਰ ਅਦਾਕਾਰਾ ਗੁਰਲੀਨ ਚੋਪੜਾ ਨੇ ਇੱਕ ਵੀਡੀਓ ਅਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰਾ ਨੇ ਸਿਰ ਉਤੇ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੈ, ਪ੍ਰਸ਼ੰਸਕ ਇਸਨੂੰ ਦੇਖ ਕੇ ਪਿਆਰ ਦੀ ਵਰਖਾ ਕਰ ਰਹੇ ਹਨ।
ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਸਾਨੂੰ ਆਪਣੇ ਸਿੱਖ ਹੋਣ ਉਤੇ ਮਾਣ ਮਹਿਸੂਸ ਹੋਣਾ ਚਾਹੀਦਾ, ਸਿਰ ਉਤੇ ਬੰਨ੍ਹੀ ਪੱਗ ਕੀ ਹੁੰਦੀ ਹੈ? ਅਸੀਂ ਕਿਉਂ ਇਹ ਪੱਗ ਬੰਨ੍ਹਦੇ ਹਾਂ? ਕਿਵੇਂ ਸਾਨੂੰ ਗੁਰੂ ਸਾਹਿਬਾਨਾਂ ਨੇ ਇਸ ਪੱਗ ਦੀ ਦਾਤ ਦਿੱਤੀ? ਕਿਉਂ ਦਿੱਤੀ? ਇੱਕ ਸਿੱਖ ਜਿੱਥੇ ਖੜ੍ਹ ਜਾਵੇ ਕਿਵੇਂ ਕੋਈ ਕੁੜੀ ਸੁਰੱਖਿਅਤ ਮਹਿਸੂਸ ਕਰਦੀ ਹੈ? ਇਹ ਸਭ ਦੇਖੋ ਫਿਲਮ 'ਗੁਰਮੁਖ' ਵਿੱਚ, ਜੋ 24 ਜਨਵਰੀ ਨੂੰ ਕੇਬਲਵਨ ਉਤੇ ਰਿਲੀਜ਼ ਹੋ ਰਹੀ ਹੈ।'
ਪੋਸਟ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਹੁਣ ਅਦਾਕਾਰਾ ਦੀਆਂ ਇੰਨ੍ਹਾਂ ਪੋਸਟਾਂ ਉਤੇ ਪ੍ਰਸ਼ੰਸਕ ਵੀ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਬਹੁਤ ਮਾਣ ਮਹਿਸੂਸ ਹੁੰਦਾ ਸਿਰ ਉਤੇ ਕੇਸਰੀ ਪੱਗ ਦੇਖ ਕੇ।' ਇੱਕ ਹੋਰ ਨੇ ਲਿਖਿਆ, 'ਵੱਖਰਾ ਰੂਪ ਸਰੂਪ ਦਿੱਤਾ ਬਾਜਾਂ ਵਾਲੇ ਨੇ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਅਤੇ ਪੋਸਟ ਉਤੇ ਪਿਆਰ ਦੀ ਵਰਖਾ ਕੀਤੀ ਹੈ।
ਕੌਣ ਹੈ ਗੁਰਲੀਨ ਚੋਪੜਾ
ਇਸ ਦੌਰਾਨ ਜੇਕਰ ਗੁਰਲੀਨ ਚੋਪੜਾ ਬਾਰੇ ਗੱਲ ਕਰੀਏ ਤਾਂ ਅਦਾਕਾਰਾ ਮਨੋਰੰਜਨ ਜਗਤ ਵਿੱਚ ਹਿੰਦੀ, ਤੇਲਗੂ, ਤਾਮਿਲ, ਮਰਾਠੀ, ਕੰਨੜ ਅਤੇ ਪੰਜਾਬੀ ਫਿਲਮਾਂ ਲਈ ਜਾਣੀ ਜਾਂਦੀ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗੁਰਲੀਨ ਚੋਪੜਾ 'ਮਿਸ ਚੰਡੀਗੜ੍ਹ' ਵੀ ਰਹਿ ਚੁੱਕੀ ਹੈ। ਗੁਰਲੀਨ ਨੇ 1999 ਵਿੱਚ ਪੰਜਾਬੀ ਗੀਤ 'ਟੇਢੀ ਟੇਢੀ ਤੱਕਦੀ ਤੂੰ' ਨਾਲ ਬਤੌਰ ਮਾਡਲ ਪੰਜਾਬੀ ਮਨੋਰੰਜਨ ਜਗਤ ਵਿੱਚ ਐਂਟਰੀ ਕੀਤੀ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਦੂਜੀਆਂ ਕਈ ਭਾਸ਼ਾਵਾਂ ਵਿੱਚ ਆਪਣੀ ਕਲਾ ਦਾ ਲੋਹਾ ਮੰਨਵਾਇਆ ਹੈ। ਇਸ ਸਮੇਂ ਅਦਾਕਾਰਾ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਬਟੋਰ ਰਹੀ ਹੈ।
ਇਹ ਵੀ ਪੜ੍ਹੋ: