ਮਾਨਸਾ: ਅਵਾਰਾ ਕੁੱਤਿਆਂ ਦੇ ਵੱਢਣ ਨਾਲ ਪੰਜਾਬ ਵਿੱਚ ਰੋਜ਼ਾਨਾ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਕਰ ਮਾਨਸਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ, ਤਾਂ ਇੱਥੇ ਰੋਜ਼ਾਨਾ ਹੀ 20 ਤੋਂ 25 ਕੇਸ ਸਿਵਲ ਹਸਪਤਾਲ ਵਿੱਚ ਕੁੱਤਿਆਂ ਦੇ ਵੱਢਣ ਦੇ ਆਉਂਦੇ ਰਹਿੰਦੇ ਹਨ। 1 ਜਨਵਰੀ ਤੋਂ 20 ਜਨਵਰੀ 2025 ਤੱਕ 129 ਕੇਸ ਸਿਵਲ ਹਸਪਤਾਲ ਵਿੱਚ ਸਾਹਮਣੇ ਆਏ ਹਨ ਅਤੇ ਲੋਕ ਰੇਬੀਜ਼ ਦਾ ਇੰਜੈਕਸ਼ਨ ਲਗਵਾ ਰਹੇ ਹਨ।
ਬੱਚਿਆਂ ਤੋਂ ਲੈ ਕੇ ਵੱਡੇ ਹੋ ਰਹੇ ਅਵਾਰਾ ਕੁੱਤਿਆ ਦਾ ਸ਼ਿਕਾਰ
ਅਵਾਰਾ ਕੁੱਤਿਆਂ ਦੀ ਵੱਢਣ ਨਾਲ ਪੰਜਾਬ ਵਿੱਚ ਰੋਜ਼ਾਨਾ ਹੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਵਿੱਚ ਅਵਾਰਾ ਕੁੱਤੇ ਛੋਟੇ ਬੱਚੇ ਸਕੂਲੀ ਅਤੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਵੱਢਣ ਦੀ ਤਾਦਾਦ ਰੋਜ਼ਾਨਾ ਹੀ ਵੱਧ ਰਹੀ ਹੈ। ਜੇਕਰ ਮਾਨਸਾ ਦੇ ਸਿਵਲ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ 1 ਜਨਵਰੀ ਤੋਂ 20 ਜਨਵਰੀ 2025 ਤੱਕ ਹੁਣ ਤੱਕ 129 ਕੇਸ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਛੋਟੇ ਬੱਚੇ ਅਤੇ ਆਮ ਲੋਕ ਵੀ ਸ਼ਾਮਿਲ ਹਨ। ਇਹ ਸਾਰੇ ਹੀ ਸਿਵਲ ਹਸਪਤਾਲ ਮਾਨਸਾ ਤੋਂ ਰੇਬੀਜ਼ ਦਾ ਇੰਜੈਕਸ਼ਨ ਲਗਵਾ ਰਹੇ ਹਨ।
ਕੁੱਤੇ ਵੱਢਣ ਦੇ ਵਧੇ ਮਾਮਲੇ -
ਸਾਲ 2023 ਵਿੱਚ 1,213 ਅਵਾਰਾ ਕੁੱਤਿਆਂ ਦੇ ਵੱਢਣ ਦੇ ਕੇਸ ਸਾਹਮਣੇ ਆਏ ਸਨ।
ਸਾਲ 2024 ਵਿੱਚ 1,714 ਅਵਾਰਾ ਕੁੱਤਿਆਂ ਦੇ ਵੱਢਣ ਨਾਲ ਕੇਸ ਸਾਹਮਣੇ ਆਏ ਸੀ।
ਹਸਪਤਾਲ ਵਿੱਚ ਰੇਬੀਜ ਦਾ ਇੰਜੈਕਸ਼ਨ ਲਗਵਾਉਣ ਲਈ ਆਏ ਪੀੜਤ ਲੋਕਾਂ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਅਵਾਰਾ ਕੁੱਤਿਆਂ ਦੀ ਤਾਦਾਦ ਬਹੁਤ ਜਿਆਦਾ ਹੈ, ਜੋ ਕਿ ਰੋਜ਼ਾਨਾ ਹੀ ਆਮ ਲੋਕਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਅਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ ਅਤੇ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਆਮ ਲੋਕ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਸਕਣ।
ਕੁੱਤਿਆਂ ਦੀ ਨਸਬੰਦੀ ਕਰਾਏ ਜਾਣ ਦਾ ਮੰਗ
ਉੱਥੇ ਹੀ, ਸ਼ਹਿਰ ਵਾਸੀ ਵੀ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਤੋਂ ਚਿੰਤਿਤ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਪੰਜਾਬ ਵਿੱਚ ਕੋਈ ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ਜਾਂ ਆਮ ਲੋਕਾਂ ਨੂੰ ਵੱਢਣ ਦੀ ਘਟਨਾ ਸਾਹਮਣੇ ਆਉਂਦੀ ਹੈ, ਉਸ ਤੋਂ ਬਾਅਦ ਹੀ ਪ੍ਰਸ਼ਾਸਨ ਅਤੇ ਸਰਕਾਰ ਦੀ ਅੱਖ ਖੁੱਲਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਕਿਸੇ ਖੁੱਲੀ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਾਂ ਫਿਰ ਇਨ੍ਹਾਂ ਦੀ ਨਸਬੰਦੀ ਕੀਤੀ ਜਾਣੀ ਚਾਹੀਦੀ ਹੈ।
'ਅਵਾਰਾ ਕੁੱਤਿਆਂ ਦੇ ਹੱਲ ਲਈ ਮੰਗੇ ਗਏ 7-8 ਕਮਰੇ'
ਦੂਜੇ ਪਾਸੇ, ਨਗਰ ਕੌਂਸਲ ਦੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਵੱਧ ਰਹੀ ਤਾਦਾਦ ਨੂੰ ਰੋਕਣ ਲਈ ਨਗਰ ਕੌਂਸਲ ਮਾਨਸਾ ਵੀ ਚਿੰਤਿਤ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਫ਼ਰਵਰੀ 2024 ਚੋਂ ਨਗਰ ਕੌਂਸਲ ਵੱਲੋਂ ਟੈਂਡਰ ਲਗਾ ਦਿੱਤਾ ਗਿਆ ਸੀ ਜਿਸ ਸਬੰਧੀ ਡਾਕਟਰਾਂ ਦੀ ਟੀਮ ਵੱਲੋਂ ਵੀ ਜਗ੍ਹਾ ਦਾ ਮੁਆਇਨਾ ਕੀਤਾ ਗਿਆ ਸੀ। ਨਗਰ ਕੌਂਸਲ ਵੱਲੋਂ ਦੋ ਕਮਰੇ ਦੇ ਵੀ ਦਿੱਤੇ ਗਏ ਸਨ, ਪਰ ਇਸ ਲਈ ਸੱਤ ਤੋਂ ਅੱਠ ਕਮਰਿਆਂ ਦੀ ਮੰਗ ਕੀਤੀ ਗਈ ਸੀ ਜਿਸ ਲਈ ਥਾਂ ਨਾ ਹੋਣ ਕਾਰਨ ਅਜੇ ਤੱਕ ਅਵਾਰਾ ਕੁੱਤਿਆਂ ਨੂੰ ਰੱਖਣ ਦੇ ਲਈ ਕੋਈ ਜਗ੍ਹਾ ਨਿਰਧਾਰਿਤ ਨਹੀਂ ਹੋਈ ਹੈ।