ਅੰਮ੍ਰਿਤਸਰ: ਇੱਕ ਪਾਸੇ ਸਿਆਸਤਦਾਨਾਂ ਵੱਲੋਂ ਪੰਜਾਬ ਅਤੇ ਪੰਜਾਬੀ ਨੂੰ ਬਚਾਉਣ ਦੀ ਦੁਹਾਈ ਦਿੱਤੀ ਜਾਂਦੀ ਹੈ। ਸਿੱਖ ਕੌਮ ਦਾ ਮਾਣ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਪੰਜਾਬੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਹ ਇਲਜ਼ਾਮ ਭਾਜਪਾ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ 'ਤੇ ਲਗਾਏ ਹਨ। ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ 12 ਸਾਲਾਂ ਦੇ ਰਾਜ ਦੌਰਾਨ ਦਿੱਲੀ 'ਚ ਕੇਜਰੀਵਾਲ ਨੇ ਕੀ-ਕੀ ਖ਼ਤਮ ਕਰ ਦਿੱਤਾ?
ਪੰਜਾਬੀ ਅਧਿਆਪਕਾਂ ਦੀ ਭਰਤੀ ਖ਼ਤਮ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿਰਸਾ ਨੇ ਦੱਸਿਆ ਕਿ "ਜਦੋਂ ਤੋਂ ਕੇਜਰੀਵਾਲ ਸੱਤਾ 'ਚ ਆਇਆ ਸੀ ਉਦੋਂ ਤੋਂ ਹੁਣ ਤੱਕ ਪੰਜਾਬੀ ਅਧਿਆਪਕਾਂ ਦੀ ਭਰਤੀ ਹੀ ਬੰਦ ਕਰ ਦਿੱਤੀ। ਅੱਜ 850 ਪੰਜਾਬੀ ਦੇ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਇੰਨ੍ਹਾਂ ਹੀ ਨਹੀਂ ਹਰ ਵਜ਼ੀਰ ਦੇ ਨਾਲ ਇੱਕ ਸਟੈਨੋ ਗ੍ਰਾਫ਼ਰ ਲੱਗਦਾ ਸੀ ਉਹ ਖ਼ਤਮ ਕਰ ਦਿੱਤਾ। ਪਹਿਲਾਂ ਦਿੱਲੀ ਦੇ ਸਕੂਲਾਂ 'ਚ ਪੰਜਾਬੀ ਪੜ੍ਹਨੀ ਲਾਜ਼ਮੀ ਹੁੰਦੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਵੀ ਮਨ-ਮਰਜ਼ੀ ਦਾ ਵਿਸ਼ਾ ਬਣਾ ਦਿੱਤਾ।"
ਦਿੱਲੀ ਵਾਲਾ ਕੰਮ ਪੰਜਾਬ 'ਚ ਸ਼ੁਰੂ
ਸਿਰਜਾ ਨੇ ਤੰਜ ਕੱਸਦੇ ਆਖਿਆ ਕਿ ਕੇਜਰੀਵਾਲ ਨੇ ਪੰਜਾਬ, ਪੰਜਾਬੀ ਅਤੇ ਸਿੱਖਾਂ ਦਾ ਗਲਾ ਘੁੱਟਣ ਦਾ ਕੰਮ ਕੀਤਾ ਹੈ। ਸਿਰਸਾ ਨੇ ਕਿਹਾ ਕਿ ਹੁਣ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲਾਂ 'ਚ ਕਿਵੇਂ ਪੜਾਉਣਾ ਹੈ? ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਤਾਂ ਪੂਰੀਆਂ ਦੁਨੀਆਂ 'ਚ ਜਾ ਕੇ ਪੜਾਉਣ ਦਾ ਕੰਮ ਕੀਤਾ ਹੈ। ਇਸ ਲਈ ਕੇਜਰੀਵਾਲ ਨੂੰ ਦੱਸਣ ਦੀ ਲੋੜ ਨਹੀਂ ਕਿ ਪੰਜਾਬ ਦੇ ਸਕੂਲਾਂ 'ਚ ਕਿਵੇਂ ਬੱਚਿਆਂ ਨੂੰ ਪੜਾੳੇੁਣਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿੱਲੀ ਮਾਡਲ ਨਾਲ ਦਿੱਲੀ ਦਾ ਬੇੜਾ ਗਰਕ ਕਰ ਦਿੱਤਾ, ਉਸ ਨੂੰ ਹੀ ਪੰਜਾਬ 'ਚ ਲਾਗੂ ਕਰਨ ਦੀ ਗੱਲ ਆਖ ਰਹੇ ਹਨ।