ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਿਹਤਰੀਨ ਕਾਮੇਡੀਅਨ ਅਤੇ ਅਦਾਕਾਰਾਂ ਵਿੱਚ ਸਭ ਤੋਂ ਉਪਰਲਾ ਸਥਾਨ ਰੱਖਦੇ ਹਨ ਅਦਾਕਾਰ ਗੁਰਪ੍ਰੀਤ ਘੁੱਗੀ, ਜੋ ਇਸ ਸਮੇਂ ਆਪਣੀ ਨਵੀਂ ਫਿਲਮ 'ਫ਼ਰਲੋ' ਕਾਰਨ ਕਾਫੀ ਚਰਚਾ ਬਟੋਰ ਰਹੇ ਹਨ, ਇਸ ਤੋਂ ਇਲਾਵਾ ਹਾਲ ਹੀ ਵਿੱਚ ਅਦਾਕਾਰ ਨੇ ਇੱਕ ਪੋਡਕਾਸਟ ਵਿੱਚ ਸ਼ਿਰਕਤ ਕੀਤੀ, ਜਿਸ ਦੌਰਾਨ ਅਦਾਕਾਰ ਨੇ ਆਪਣੀ ਜ਼ਿੰਦਗੀ ਦੀਆਂ ਸ਼ਾਨਦਾਰ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਕਿਵੇਂ ਲੱਗਿਆ ਅਦਾਕਾਰ ਦੇ ਨਾਂਅ ਪਿੱਛੇ 'ਘੁੱਗੀ'
ਪੋਡਕਾਸਟ ਦੌਰਾਨ ਜਦੋਂ ਅਦਾਕਾਰ ਤੋਂ ਪੁੱਛਿਆ ਗਿਆ ਕਿ ਤੁਹਾਡੇ ਨਾਂਅ ਪਿੱਛੇ 'ਘੁੱਗੀ' ਕਿਵੇਂ ਪੈ ਗਿਆ? ਇਸ ਗੱਲ ਦਾ ਜੁਆਬ ਦਿੰਦੇ ਹੋਏ ਅਦਾਕਾਰ ਨੇ ਕਿਹਾ, 'ਇਹ ਨਾਂਅ ਮੈਨੂੰ ਪ੍ਰਸ਼ਾਦ ਦੇ ਰੂਪ ਵਿੱਚ ਮਿਲਿਆ ਹੋਇਆ ਹੈ, ਅਸਲ ਵਿੱਚ ਜਲੰਧਰ ਟੀਵੀ ਉਤੇ 'ਰੌਣਕ ਮੇਲਾ' ਪ੍ਰੋਗਰਾਮ ਚੱਲਦਾ ਹੁੰਦਾ ਸੀ, ਜਦੋਂ ਮੇਰੀ ਇਸ ਪ੍ਰੋਗਰਾਮ ਵਿੱਚ ਐਂਟਰੀ ਹੋਈ, ਉਸ ਸਮੇਂ ਇਸ ਪ੍ਰੋਗਰਾਮ ਵਿੱਚ ਸਾਰੇ ਪਾਤਰ ਨਾਂਅ ਬਦਲ-ਬਦਲ ਕੇ ਆਉਂਦੇ ਹੁੰਦੇ ਸੀ, ਫਿਰ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਨਾਂਅ ਕੀ ਰੱਖੀਏ?'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਅਦਾਕਾਰ ਨੇ ਅੱਗੇ ਕਿਹਾ, 'ਮੈਂ ਉਸ ਸਮੇਂ ਬਹੁਤ ਛੋਟਾ ਹੁੰਦਾ ਸੀ, ਮੇਰੀ ਦਾੜ੍ਹੀ ਉਦੋਂ ਹਜੇ ਆਉਣੀ ਹੀ ਸ਼ੁਰੂ ਹੋਈ ਸੀ, ਫਿਰ ਮੇਰੇ ਗੁਰੂ ਚਾਚਾ ਰੌਣਕੀ ਰਾਮ ਨੇ ਉਸ ਪਾਤਰ ਦਾ ਨਾਂਅ 'ਘੁੱਗੀ' ਰੱਖ ਦਿੱਤਾ, ਉਸ ਪਾਤਰ ਦਾ ਨਾਂਅ ਪ੍ਰੋਗਰਾਮ ਰੌਣਕ ਮੇਲਾ ਤੋਂ ਪਿਆ ਸੀ। ਇਸ ਤੋਂ ਬਾਅਦ ਮੈਂ ਇਸ ਨਾਂਅ ਨਾਲ ਹੀ ਪ੍ਰਸਿੱਧ ਹੋ ਗਿਆ। ਇਹ ਨਾਂਅ ਉਸ ਸਮੇਂ ਟੀਵੀ ਉਤੇ ਕਾਫੀ ਪ੍ਰਸਿੱਧ ਹੋਇਆ ਸੀ।'
ਇਸ ਦੌਰਾਨ ਜੇਕਰ ਅਦਾਕਾਰ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ ਦਾ ਅਸਲੀ ਨਾਂਅ ਗੁਰਪ੍ਰੀਤ ਸਿੰਘ ਵੜੈਚ ਹੈ, ਪੰਜਾਬੀ ਸਿਨੇਮਾ ਨੂੰ ਅਦਾਕਾਰ ਨੇ ਅਨੇਕਾਂ ਹਿੱਟ ਫਿਲਮਾਂ ਦਿੱਤੀਆਂ ਹਨ, ਹੁਣ ਅਦਾਕਾਰ ਗਿੱਪੀ ਗਰੇਵਾਲ ਨਾਲ ਫਿਲਮ 'ਅਕਾਲ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਇਸ ਤੋਂ ਇਲਾਵਾ ਅਦਾਕਾਰ ਦੀ ਹਾਲ ਹੀ ਵਿੱਚ ਫਿਲਮ 'ਫ਼ਰਲੋ' ਰਿਲੀਜ਼ ਹੋਈ ਹੈ, ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ।
ਇਹ ਵੀ ਪੜ੍ਹੋ: