ਮਾਨਸਾ:ਪੰਜਾਬ ਦੇ ਮਜ਼ਦੂਰ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਬੱਚਿਆਂ ਸਮੇਤ ਰਾਜਸਥਾਨ ਦੇ ਲਈ ਰਵਾਨਾ ਹੋਣ ਲੱਗੇ ਹਨ। ਪੰਜਾਬ ਦੇ ਵਿੱਚ ਨਰਮੇ ਦੀ ਬਿਜਾਈ ਘੱਟ ਜਾਣ ਕਾਰਨ ਕੋਈ ਰੁਜ਼ਗਾਰ ਨਾ ਹੋਣ ਦੇ ਚੱਲਦਿਆਂ ਮਜ਼ਦੂਰ ਰਾਜਸਥਾਨ ਵਿੱਚ ਨਰਮਾ ਚੁਗਣ ਲਈ ਰਵਾਨਾ ਹੋਏ ਹਨ। ਰਾਜਸਥਾਨ ਦੇ ਕਿਸਾਨ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਨਰਮੇ ਦੀ ਚੁਗਾਈ ਕਰਵਾਉਣ ਦੇ ਲਈ ਲੈ ਕੇ ਜਾਣ ਲੱਗੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਚੋਂ ਅੱਜ 15 ਦੇ ਕਰੀਬ ਪਰਿਵਾਰ ਨਰਮਾ ਚੁਗਣ ਲਈ ਰਾਜਸਥਾਨ ਲਈ ਰਵਾਨਾ ਹੋਏ ਹਨ।
ਨਰਮਾ ਚੁਗਣ ਲਈ ਰਵਾਨਾ ਹੋਏ ਮਾਨਸਾ ਦੇ ਮਜ਼ਦੂਰ (ETV Bharat (ਪੱਤਰਕਾਰ, ਮਾਨਸਾ)) ਨਰਮੇ ਦੀ ਬਿਜਾਈ ਤੋਂ ਮੁੱਖ ਮੋੜ ਲਿਆ
ਕੁਝ ਸਾਲ ਪਹਿਲਾਂ ਯੂਪੀ, ਬਿਹਾਰ, ਮੱਧ ਪ੍ਰਦੇਸ਼ ਆਦਿ ਸੂਬਿਆਂ ਦੇ ਮਜ਼ਦੂਰ ਪੰਜਾਬ ਦੇ ਵਿੱਚ ਨਰਮੇ ਦੀ ਚੁਗਾਈ ਕਰਨ ਦੇ ਲਈ ਆਉਂਦੇ ਸੀ। ਪੰਜਾਬ ਦੇ ਕਿਸਾਨ ਰੇਲਵੇ ਸਟੇਸ਼ਨਾਂ ਤੋਂ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਜਾਂਦੇ ਸੀ ਅਤੇ ਪਿੰਡਾਂ ਦੇ ਮਜ਼ਦੂਰਾਂ ਨੂੰ ਵੀ ਨਰਮੇ ਦੀ ਚੁਗਾਈ ਕਰਨ ਦੇ ਲਈ ਲੈ ਕੇ ਜਾਂਦੇ ਸੀ। ਪਿੰਡ ਦੇ ਮਜ਼ਦੂਰਾਂ ਦਾ ਵੀ ਤਿੰਨ ਮਹੀਨੇ ਦੇ ਕਰੀਬ ਨਰਮੇ ਦੀ ਚੁਗਾਈ ਦਾ ਕੰਮ ਚਲਦਾ ਰਹਿੰਦਾ ਸੀ, ਪਰ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਤੋਂ ਮੁੱਖ ਮੋੜ ਲਿਆ ਗਿਆ ਹੈ, ਕਿਉਂਕਿ ਹਰ ਵਾਰ ਨਰਮੇ ਦੀ ਫਸਲ 'ਤੇ ਕੋਈ ਨਾ ਕੋਈ ਬਿਮਾਰੀ ਪੈ ਜਾਣ ਕਾਰਨ ਕਿਸਾਨ ਨਰਮੇ ਦੀ ਬਿਜਾਈ ਕਰਨ ਤੋਂ ਕਿਨਾਰਾ ਕਰ ਗਏ ਹਨ।
ਘਰਾਂ ਨੂੰ ਜਿੰਦਰੇ ਲਾ ਕੇ ਰਾਜਸਥਾਨ ਜਾ ਰਹੇ ਲੋਕ
ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਹੁਣ ਝੋਨੇ ਦੀ ਬਿਜਾਈ ਕੀਤੀ ਗਈ ਹੈ ਪਰ ਮਜ਼ਦੂਰਾਂ ਕੋਲ ਕੋਈ ਰੁਜ਼ਗਾਰ ਨਾ ਹੋਣ ਦੇ ਚਲਦਿਆਂ ਮਜ਼ਦੂਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਘਰਾਂ ਨੂੰ ਜਿੰਦਰੇ ਲਾ ਰਾਜਸਥਾਨ ਨੂੰ ਨਰਮਾ ਚੁਗਣ ਦੇ ਲਈ ਰਵਾਨਾ ਹੋ ਗਏ ਹਨ।
ਪਹਿਲਾਂ ਨਰਮੇ ਦੀ ਚੁਗਾਈ ਪੰਜਾਬ ਵਿੱਚ ਦੋ ਤੋਂ ਤਿੰਨ ਮਹੀਨੇ ਚਲਦੀ ਸੀ
ਮਜ਼ਦੂਰਾਂ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਬ ਦੇ ਵਿੱਚ ਨਰਮਾ ਹੋਣ ਦੇ ਚਲਦਿਆਂ ਉਹ ਪੂਰਾ ਪਰਿਵਾਰ ਨਰਮੇ ਦੀ ਚੁਗਾਈ ਕਰਦਾ ਸੀ ਤੇ ਦੋ ਤੋਂ ਤਿੰਨ ਮਹੀਨੇ ਚੁਗਾਈ ਹੁੰਦੀ ਸੀ। ਬਾਅਦ ਵਿੱਚ ਵੀ ਕਿਸਾਨਾਂ ਦੇ ਘਰਾਂ ਦੇ ਵਿੱਚ ਟੀਂਡਿਆਂ ਦੀ ਚੁਗਾਈ ਕੀਤੀ ਜਾਂਦੀ ਸੀ ਪਰ ਅੱਜ ਨਰਮਾ ਕਿਸਾਨਾਂ ਵੱਲੋਂ ਬੀਜਣਾ ਹੀ ਛੱਡ ਦਿੱਤਾ ਹੈ ਅਤੇ ਝੋਨਾ ਹੀ ਲਗਾਇਆ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਬਚਿਆ ਅਤੇ ਹੁਣ ਉਹ ਰਾਜਸਥਾਨ ਦੇ ਵਿੱਚ ਨਰਮੇ ਦੀ ਚੁਗਾਈ ਕਰਨ ਦੇ ਲਈ ਜਾ ਰਹੇ ਹਨ।
ਪੰਜਾਬ ਦੇ ਵਿੱਚ ਹੀ ਰਹਿ ਕੇ ਰੁਜ਼ਗਾਰ
ਮਜ਼ਦੂਰਾਂ ਨੇ ਕਿਹਾ ਕਿ ਮਜ਼ਬੂਰੀ ਹੈ ਕਿ ਅੱਜ ਸਾਨੂੰ ਵੀ ਯੂਪੀ, ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਦੀ ਤਰ੍ਹਾਂ ਨਰਮੇ ਦੀ ਇੱਕ ਚੁਗਾਈ ਕਰਨ ਦੇ ਲਈ ਦੂਸਰੇ ਸੂਬਿਆਂ ਦੇ ਵਿੱਚ ਜਾਣਾ ਪੈ ਰਿਹਾ ਹੈ। ਜੇਕਰ ਸਰਕਾਰ ਚੰਗੇ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਵੇ ਤਾਂ ਕਿਸਾਨ ਨਰਮੇ ਦੀ ਬਿਜਾਈ ਕਰਨ ਤਾਂ ਅਸੀਂ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਰੁਜ਼ਗਾਰ ਕਰ ਸਕੀਏ।