ਚੰਡੀਗੜ੍ਹ: ਸਾਡੇ ਦੇਸ਼ ਵਿੱਚ ਸ਼ਾਇਦ ਹੀ ਅਜਿਹਾ ਕੋਈ ਗਾਇਕ ਹੋਵੇ, ਜਿਸਦੀ ਮੌਤ ਤੋਂ ਬਾਅਦ ਇੰਨੀ ਮਾਤਰਾ ਵਿੱਚ ਗੀਤ ਰਿਲੀਜ਼ ਹੋਏ ਹੋਣ, ਪਰ ਪੰਜਾਬੀ ਸੰਗੀਤ ਜਗਤ ਵਿੱਚ ਸਨਸਨੀ ਬਣ ਉਭਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇਹ ਕਾਰਨਾਮਾ ਕਰ ਰਹੇ ਹਨ। 29 ਮਈ 2022 ਨੂੰ ਸਾਨੂੰ ਅਲਵਿਦਾ ਬੋਲ ਗਏ ਇਸ ਗਾਇਕ ਦਾ ਅੱਜ (23 ਜਨਵਰੀ) ਮੌਤ ਤੋਂ ਬਾਅਦ 9ਵਾਂ ਗੀਤ 'ਲੌਕ' ਰਿਲੀਜ਼ ਹੋ ਗਿਆ ਹੈ।
ਜੇਕਰ ਨਵੇਂ ਰਿਲੀਜ਼ ਹੋਏ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੀ ਰਚਨਾ ਖੁਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਕੀਤੀ ਗਈ ਸੀ, ਗੀਤ ਦੀ ਵੀਡੀਓ ਵਿੱਚ ਕਈ ਥਾਵਾਂ ਉਤੇ ਗਾਇਕ ਦੇ ਪਿਤਾ ਬਲਕੌਰ ਸਿੰਘ ਵੀ ਦੇਖਣ ਨੂੰ ਮਿਲੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੀ ਵੀਡੀਓ ਲੋਹੜੀ ਵਾਲੇ ਦਿਨ ਸ਼ੂਟ ਕੀਤੀ ਗਈ ਸੀ।
ਗੀਤ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਹਰ ਵਾਰ ਦੀ ਤਰ੍ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਰਿਲੀਜ਼ ਹੋਏ ਇਸ ਗੀਤ ਨੂੰ ਵੀ ਕਾਫੀ ਪਿਆਰ ਮਿਲ ਰਿਹਾ ਹੈ, ਗੀਤ ਨੂੰ ਰਿਲੀਜ਼ ਹੋਣ ਦੇ 30 ਮਿੰਟ ਵਿੱਚ 540,951 ਤੋਂ ਜਿਆਦਾ ਲੋਕਾਂ ਨੇ ਦੇਖਿਆ। ਪ੍ਰਸ਼ੰਸਕ ਗੀਤ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ, ਇੱਕ ਨੇ ਲਿਖਿਆ, 'ਤੇਰੇ ਵਰਗੇ ਗਾਣੇ ਨਾ ਕੋਈ ਲਿਖ ਸਕਦਾ ਅਤੇ ਨਾ ਕੋਈ ਗਾ ਸਕਦਾ।' ਇੱਕ ਹੋਰ ਨੇ ਲਿਖਿਆ, 'ਸਾਲ 2025 ਦਾ ਸਭ ਤੋਂ ਸਿਰਾ ਅਤੇ ਟੌਪ ਦਾ ਗਾਣਾ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਰਹੂਮ ਗਾਇਕ ਦੇ ਗੀਤ ਉਤੇ ਭਾਵੁਕ ਕੁਮੈਂਟ ਕਰਦੇ ਨਜ਼ਰੀ ਪਏ।
ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤਾਂ ਬਾਰੇ
ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ 8 ਗੀਤ ਰਿਲੀਜ਼ ਹੋ ਚੁੱਕੇ ਹਨ, ਉਨ੍ਹਾਂ ਦਾ ਇੱਕ ਗੀਤ ਭਾਰਤ 'ਚ ਬੈਨ ਕੀਤਾ ਗਿਆ ਸੀ। ਇਸ ਗੀਤ ਦਾ ਨਾਂਅ 'SYL' ਸੀ, 23 ਜੂਨ 2022 ਨੂੰ ਰਿਲੀਜ਼ ਹੋਏ ਇਸ 'SYL' ਗੀਤ 'ਚ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ। ਇਸ ਗੀਤ 'ਤੇ ਬਹੁਤ ਘੱਟ ਸਮੇਂ 'ਚ 2.7 ਕਰੋੜ ਦੇ ਕਰੀਬ ਵਿਊਜ਼ ਆ ਗਏ ਸਨ। ਇਸ ਤੋਂ ਬਾਅਦ 'ਵਾਰ', 'ਮੇਰਾ ਨਾਂ', 'ਚੋਰਨੀ', 'ਵਾਚ ਆਊਟ', 'ਡ੍ਰਿਪੀ', '410' 'ਅਟੈਚ' ਅਤੇ ਹੁਣ 'ਲੌਕ' ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਗਾਇਕ ਦੇ ਪਿਤਾ ਨੇ ਕਈ ਵਾਰ ਖੁਲਾਸਾ ਕੀਤਾ ਹੈ ਕਿ ਗਾਇਕ ਦੇ ਕਾਫੀ ਸਾਰੇ ਗੀਤ ਰਿਕਾਰਡ ਕੀਤੇ ਹੋਏ ਪਏ ਹਨ, ਜੋ ਆਉਣ ਵਾਲੇ ਕਈ ਸਾਲਾਂ ਵਿੱਚ ਹੌਲ਼ੀ ਹੌਲ਼ੀ ਰਿਲੀਜ਼ ਕੀਤੇ ਜਾਣਗੇ।
ਕਿਵੇਂ ਹੋਈ ਗਾਇਕ ਦੀ ਮੌਤ
ਇਸ ਦੌਰਾਨ ਜੇਕਰ ਮਰਹੂਮ ਗਾਇਕ ਬਾਰੇ ਗੱਲ ਕਰੀਏ ਤਾਂ ਗਾਇਕ ਮੂਸੇਵਾਲਾ ਦਾ ਕਰੀਅਰ ਇੱਕ ਗੀਤਕਾਰ ਵਜੋਂ ਸ਼ੁਰੂ ਹੋਇਆ ਸੀ। ਪਰ ਉਨ੍ਹਾਂ ਨੂੰ ਸੰਗੀਤ ਜਗਤ ਵਿੱਚ ਪ੍ਰਸਿੱਧੀ ਇੱਕ ਗਾਇਕ ਵਜੋਂ ਮਿਲੀ। 29 ਮਈ 2022 ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗਾਇਕ ਉਤੇ ਹਮਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਉੱਥੇ ਹੀ ਮੌਤ ਹੋ ਗਈ। ਇਸ ਘਟਨਾ ਨੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਤੋੜਿਆ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਇਹ ਵੀ ਪੜ੍ਹੋ: