ਲੁਧਿਆਣਾ: ਪੰਜਾਬ ਵਿੱਚ ਇਸ ਵਾਰ ਝੋਨੇ ਦੀ ਖਰੀਦ ਲੇਟ ਹੋਣ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰਾਲੀ ਦੇ ਪ੍ਰਬੰਧਨ ਕਰਕੇ ਕਈ ਕਿਸਾਨ ਕਣਕ ਲਾਉਣ ਵਿੱਚ ਲੇਟ ਹੋ ਗਏ ਜਿਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਖੇਤੀਬਾੜੀ ਮਹਿਕਮੇ ਵੱਲੋਂ ਕੁਝ ਕਣਕ ਦੀਆਂ ਲੇਟ ਹੋਣ ਵਾਲੀਆਂ ਕਿਸਮਾਂ ਕਿਸਾਨਾਂ ਨੂੰ ਸਿਫਾਰਿਸ਼ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਕਿਸਾਨ ਇਹ ਕਿਸਮਾਂ ਲਗਾ ਕੇ ਰਬੀ ਦੀ ਫਸਲ ਲੈ ਸਕਦੇ ਹਨ, ਹਾਲਾਂਕਿ ਕਈ ਕਿਸਾਨ ਤੀਜੀ ਫਸਲ ਲੈਣ ਕਰਕੇ ਕਣਕ ਦੀ ਬਿਜਾਈ ਪਿਛੇਤੀ ਕਰਦੇ ਹਨ। ਜਿਸ ਨਾਲ ਕਣਕ ਦਾ ਝਾੜ ਤਾਂ ਕੁਝ ਘੱਟ ਨਿਕਲਦਾ ਹੈ, ਪਰ ਤੀਜੀ ਫਸਲ ਤੋਂ ਉਨ੍ਹਾਂ ਨੂੰ ਕਾਫੀ ਮੁਨਾਫਾ ਹੋ ਜਾਂਦਾ।
ਕਿਹੜੀਆਂ ਕਿਸਮਾਂ
ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਗੁਰਦੀਪ ਸਿੰਘ ਜੌਹਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਲਈ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਪੀ ਬੀ ਡਬਲਯੂ 771, ਪੀ ਬੀ ਡਬਲਯੂ 752 ਦੀ ਚੋਣ ਦਸੰਬਰ ਅਖੀਰ ਤੱਕ ਅਤੇ ਉਸ ਤੋਂ ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ 757 ਕਿਸਮ ਦੀ ਚੋਣ ਕਰਨੀ ਚਾਹੀਦੀ ਹੈ।
ਕਣਕ ਦੇ ਬੀਜਾਂ 'ਤੇ ਸਬਸਿਡੀ
ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਮੁਤਾਬਿਕ ਪੀ ਬੀ ਡਬਲਿਊ ਉੰਨਤ 550 ਵੀ ਪਿੱਛੇਤੀ ਵਰਾਇਟੀ ਹੈ। ਜਿਸ ਉੱਤੇ ਪੰਜਾਬ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਪ੍ਰਤੀ ਏਕੜ 1600 ਰੁਪਏ ਦੇ ਹਿਸਾਬ ਦੇ ਨਾਲ ਇਹ ਬੀਜ ਕਿਸਾਨ ਇੱਕ ਏਕੜ ਲਈ ਪ੍ਰਾਪਤ ਕਰ ਸਕਦੇ ਹਨ, ਸਿਰਫ ਇਹ ਇੱਕ ਏਕੜ ਲਈ ਹੀ ਸਬਸਿਡੀ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਇਹ ਛੋਟੇ ਕਿਸਾਨਾਂ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ, ਤਾਂ ਜੋ ਉਹ ਕਣਕ ਦੀ ਪਿਛੇਤੀ ਬਿਜਾਈ ਕਰ ਸਕਣ। ਇਹ ਸਾਰੀ ਕਿਸਮਾਂ ਪੰਜਾਬ ਤੋਂ ਬਾਹਰ ਵੀ ਲਾਈਆ ਜਾ ਸਕਦੀਆਂ ਹਨ।
ਕਿਵੇਂ ਕਰੀਏ ਪਿਛੇਤੀ ਬਿਜਾਈ ?
ਪਿਛੇਤੀ ਬਿਜਾਈ ਲਈ ਕਣਕ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 15 ਸੈਂ. ਮੀ. ਰੱਖੋ ਤਾਂ ਜੋ ਬੂਟਿਆਂ ਦੀ ਗਿਣਤੀ ਵਧਾਈ ਜਾ ਸਕੇ । ਪਿਛੇਤੀ ਬੀਜੀ ਕਣਕ ਨੂੰ ਪ੍ਰਤੀ ਏਕੜ 110 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ ਅਤੇ 24 ਕਿਲੋ ਪੋਟਾਸ਼ (ਮਿੱਟੀ ਪਰਖ ਅਨੁਸਾਰ) ਪਾਓ। ਨਾਲ ਹੀ ਪਿਛੇਤੀ ਬਿਜਾਈ ਵਿੱਚ ਸਾਰੀ ਡੀ. ਏ. ਪੀ ਅਤੇ ਅੱਧੀ ਯੂਰੀਆ (45 ਕਿਲੋ) ਬਿਜਾਈ ਸਮੇਂ ਪਾ ਦਿਓ ਅਤੇ ਬਾਕੀ ਰਹਿੰਦੀ 45 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਪਾਓ।ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਪ੍ਰਤੀ ਏਕੜ 70 ਕਿਲੋ ਯੂਰੀਆ ਦੋ ਹਿੱਸਿਆਂ ਵਿੱਚ ਪਾਓ। ਪਿਛੇਤੀ ਬੀਜੀ ਕਣਕ ਨੂੰ ਪਹਿਲਾ ਪਾਣੀ 4 ਹਫ਼ਤਿਆਂ ਬਾਅਦ, ਦੂਜਾ ਪਾਣੀ ਪਹਿਲੇ ਪਾਣੀ ਤੋਂ 4 ਹਫ਼ਤਿਆਂ ਬਾਅਦ, ਤੀਜਾ ਪਾਣੀ ਦੂਜੇ ਪਾਣੀ ਤੋਂ 3 ਅਤੇ ਚੌਥਾ ਪਾਣੀ ਤੀਜੇ ਪਾਣੀ ਤੋਂ 2 ਹਫ਼ਤਿਆਂ ਬਾਅਦ ਲਗਾਓ।
ਗੁਲਾਬੀ ਸੁੰਡੀ ਦੇ ਪ੍ਰਕੋਪ ਨੂੰ ਲੈ ਕੇ ਐਡਵਾਈਜ਼ਰੀ ਜਾਰੀ
ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਗੁਲਾਬੀ ਸੁੰਡੀ ਦਾ ਵੀ ਅਸਰ ਵੇਖਣ ਨੂੰ ਮਿਲਿਆ। ਹਾਲਾਂਕਿ ਲੁਧਿਆਣਾ ਦੇ ਕੁਝ ਹਿੱਸਿਆਂ ਵਿੱਚ ਇਸ ਦਾ ਅਸਰ ਜਰੂਰ ਹੈ, ਪਰ ਮਾਨਸਾ, ਬਠਿੰਡਾ, ਅਬੋਹਰ, ਸੰਗਰੂਰ ਅਤੇ ਪਟਿਆਲਾ ਆਦਿ ਇਲਾਕੇ ਦੇ ਵਿੱਚ ਕਿਸੇ ਦਾ ਕਾਫੀ ਅਸਰ ਵੇਖਣ ਨੂੰ ਮਿਲਿਆ ਹੈ। ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ।
ਖੇਤੀਬਾੜੀ ਅਫਸਰ ਲੁਧਿਆਣਾ ਨੇ ਦੱਸਿਆ ਕਿ ਜੇਕਰ ਤੁਹਾਨੂੰ ਆਪਣੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਖ਼ਤਰਾ ਨਜ਼ਰ ਆਉਂਦਾ ਹੈ, ਤਾਂ ਖੇਤੀਬਾੜੀ ਡਾਕਟਰ ਨੂੰ ਬੁਲਾ ਕੇ ਆਪਣੇ ਖੇਤ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਦਵਾਈ ਜਿਵੇਂ ਕਲੋਰੋ ਪੇਰੀਫ਼ਾਸ ਜਿਸ ਦੀ 15 ਤੋਂ 20 ਕਿਲੋ ਮਿੱਟੀ ਵਿੱਚ ਮਿਲਾਉਣ ਤੋਂ ਬਾਅਦ ਖੇਤਾਂ ਵਿੱਚ ਪਾ ਕੇ ਗੁਲਾਬੀ ਸੁੰਡੀ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ, ਪਾਣੀ ਲਾ ਕੇ ਵੀ ਗੁਲਾਬੀ ਸੁੰਡੀ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਜਿਸ ਨਾਲ ਗੁਲਾਬੀ ਸੁੰਡੀ ਪਾਣੀ ਲਾਉਣ ਤੋਂ ਬਾਅਦ ਬਾਹਰ ਆ ਜਾਵੇਗੀ ਅਤੇ ਪੰਛੀ ਆਪਣੇ ਆਪ ਹੀ ਉਨ੍ਹਾਂ ਨੂੰ ਲੈ ਜਾਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮੇ ਵੱਲੋਂ ਵੀ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਸਮੇਂ ਸਮੇਂ ਸਿਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੀਆਂ ਹਨ ਅਤੇ ਖੇਤਾਂ ਦਾ ਜਾਇਜ਼ਾ ਲੈ ਰਹੀਆਂ ਹਨ।