ਰੋਜ਼ੀ-ਰੋਟੀ ਤੋਂ ਵਾਂਝੇ ਸ਼੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ ਦੀ ਮਦਦ ਲਈ ਅੱਗੇ ਆਇਆ ਸਰਬੱਤ ਦਾ ਭਲਾ ਟਰੱਸਟ
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਿੱਥੇ ਸਾਰੇ ਕਾਰੋਬਾਰ ਬੰਦ ਪਏ ਹਨ, ਗੁਰੂ ਘਰਾਂ 'ਚ ਵੀ ਸੁੰਨ ਪਸਰੀ ਹੈ। ਜਿਸ ਦੇ ਚਲਦੇ ਕਈ ਪਾਠੀ ਬੇਰੁਜ਼ਗਾਰ ਹੋ ਗਏ ਹਨ। ਇਸ ਦੌਰਾਨ ਰੋਜ਼ੀ-ਰੋਟੀ ਤੋਂ ਵਾਂਝੇ ਸ਼੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ ਦੀ ਮਦਦ ਲਈ ਸਰਬੱਤ ਦਾ ਭਲਾ ਟਰੱਸਟ ਅੱਗੇ ਆਇਆ ਹੈ। ਟਰੱਸਟ ਵੱਲੋਂ ਗੁਰੂ ਕੀ ਵਡਾਲੀ ਵਿਖੇ 50 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡੀਆ ਗਿਆ ਹੈ। ਇਸ ਮੌਕੇ ਗ੍ਰੰਥੀ ਆਗੂ ਭਾਈ ਮੋਹਨ ਸਿੰਘ ਨੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਗੂ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਵਜ਼ੀਰਾਂ ਦੀ ਮਦਦ ਲਈ ਅੱਗੇ ਆਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਡਾ. ਓਬਰਾਏ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੇ ਜਾਂਦੇ ਉਪਰਾਲੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਆਖਿਆ ਕਿ ਜਿੱਥੇ ਕਿਸੇ ਵੀ ਸਿਆਸੀ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਗੁਰੂ ਘਰ ਦੇ ਵਜੀਰਾਂ ਦੀ ਸਾਰ ਨਹੀਂ ਲਈ ਗਈ ਪਰ ਸਰਬੱਤ ਦਾ ਭਲਾ ਟਰੱਸਟ ਵੱਲੋਂ ਉਨ੍ਹਾਂ ਨੂੰ ਪੂਰੀ ਮਦਦ ਮਿਲੀ ਹੈ। ਇਸ ਮੌਕੇ ਮਦਦ ਦੇਣ ਪੁਜੇ ਸਰਬੱਤ ਦਾ ਭਲਾ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ ਨੇ ਆਖਿਆ ਕਿ ਸਰਕਾਰ ਨੂੰ ਅਜਿਹੇ ਹਲਾਤਾਂ 'ਚ ਮੱਧਵਰਗੀ ਪਰਿਵਾਰਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਉਹ ਮਦਦ ਲੈਣ ਤੋਂ ਝਿਜਕ ਰੱਖਦੇ ਹਨ।