ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕੀਤਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ
🎬 Watch Now: Feature Video
ਪਟਿਆਲਾ : ਲੌਕਡਾਊਨ ਖੁੱਲ੍ਹਣ ਮਗਰੋਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਕੜ੍ਹੀ 'ਚ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪਟਿਆਲਾ ਵਿਖੇ ਮਿੰਨੀ ਸਕੱਤਰੇਤ ਨੂੰ ਘੇਰਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਬਾਰੇ ਦੱਸਦੇ ਹੋਏ ਜ਼ਮੀਨ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ , ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਚਾਇਤੀ ਜ਼ਮੀਨ ਦੀ ਡਮੀ ਬੋਲੀਆਂ ਲਗਾਈਆਂ ਜਾ ਰਹੀਆਂ ਹਨ। ਜਦਕਿ ਸਰਕਾਰੀ ਨਿਯਮਾਂ ਦੇ ਮੁਤਾਬਕ ਮਜ਼ਦੂਰ ਵਰਗ ਤੇ ਦਲਿਤ ਵਰਗ ਦੇ ਚਾਰ ਤੋਂ ਪੰਜ ਲੋਕ ਇੱਕਠੇ ਹੋਏ ਆਪਣੇ ਪਿੰਡ ਦੀ ਪੰਚਾਇਤੀ ਜ਼ਮੀਨ ਲਈ ਬੋਲੀ ਲਾ ਸਕਦੇ ਹਨ। ਉਨ੍ਹਾਂ ਆਖਿਆ ਕਿ ਪਰ ਜ਼ਮੀਨੀ ਪੱਧਰ 'ਤੇ ਅਜਿਹਾ ਨਹੀਂ ਹੋ ਰਿਹਾ ਬਲਕਿ ਪਿੰਡਾਂ 'ਚ ਸਰਕਾਰੀ ਅਫਸਰਾਂ ਵੱਲੋਂ ਪਿੰਡ ਦੀ ਜ਼ਮੀਨ ਦੀ ਡਮੀ ਬੋਲੀਆਂ ਲਗਾ ਕੇ ਪਿੰਡ ਤੋਂ ਬਾਹਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਜੋ ਕਿ ਕਾਨੂੰਨ ਦੇ ਵਿਰੁੱਧ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਜ਼ਮੀਨੀ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਤੇ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਸਹੀ ਢੰਗ ਨਾਲ ਰਾਸ਼ਨ ਨਾ ਵੰਡਣ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਡਿਪੋ ਉੱਤੇ ਮਿਲਣ ਵਾਲੇ ਰਾਸ਼ਨ ਦੀ ਕੁਆਲਿਟੀ ਵੀ ਠੀਕ ਨਹੀਂ ਹੈ ਅਤੇ ਰਾਸ਼ਨ ਆਧਾਰ ਕਾਰਡ ਉੱਪਰ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਉਸ ਵੇਲੇ ਤੱਕ ਜਾਰੀ ਰਹੇਗਾ ਜਦ ਉਨ੍ਹਾਂ ਦੀਆਂ ਮੰਗਾਂ ਨਹੀਂ ਪੂਰੀ ਹੋ ਜਾਂਦੀਆਂ।