ਅਸੀਂ ਅਕਸਰ ਆਪਣੇ ਆਲੇ-ਦੁਆਲੇ ਅਜਿਹੇ ਲੋਕ ਦੇਖਦੇ ਹਾਂ, ਜਿਨ੍ਹਾਂ ਦਾ ਨਾ ਸਿਰਫ ਚਿਹਰਾ ਸਗੋਂ ਸਰੀਰ ਦੀ ਬਣਤਰ ਵੀ ਦੂਜਿਆਂ ਤੋਂ ਵੱਖਰੀ ਹੁੰਦੀ ਹੈ ਅਤੇ ਨਾਲ ਹੀ ਜ਼ਿਆਦਾਤਰ ਮਾਮਲਿਆਂ ਵਿੱਚ ਉਨ੍ਹਾਂ 'ਚ ਮਾਨਸਿਕ ਕਮਜ਼ੋਰੀ ਵੀ ਪਾਈ ਜਾਂਦੀ ਹੈ। ਇਸ ਸਰੀਰਕ ਅਸਮਾਨਤਾ ਜਾਂ ਮਾਨਸਿਕ ਅਸਮਰਥਤਾ ਦਾ ਕਾਰਨ ਡਾਊਨ ਸਿੰਡਰੋਮ ਹੋ ਸਕਦਾ ਹੈ। ਭਾਰਤ 'ਚ 1000 ਵਿੱਚੋਂ 1 ਬੱਚਾ ਡਾਊਨ ਸਿੰਡਰੋਮ ਨਾਲ ਪੈਦਾ ਹੁੰਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਅੰਕੜਿਆਂ ਦੇ ਅਨੁਸਾਰ ਵਿਸ਼ਵ ਭਰ 'ਚ ਹਰ ਸਾਲ ਇਸ ਕ੍ਰੋਮੋਸੋਮ ਵਿਕਾਰ ਨਾਲ ਲਗਭਗ 3000 ਤੋਂ 5000 ਬੱਚੇ ਜਨਮ ਲੈਂਦੇ ਹਨ, ਪਰ ਡਾਊਨ ਸਿੰਡਰੋਮ ਬਾਰੇ ਦੇਸ਼ ਅਤੇ ਦੁਨੀਆ ਦੇ ਲੋਕਾਂ 'ਚ ਅਜੇ ਵੀ ਜਾਣਕਾਰੀ ਦੀ ਘਾਟ ਹੈ। 21 ਮਾਰਚ ਨੂੰ 'ਵਿਸ਼ਵ ਡਾਊਨ ਸਿੰਡਰੋਮ ਦਿਵਸ' ਦੇ ਮੌਕੇ ਈਟੀਵੀ ਭਾਰਤ ਸੁੱਖੀਭਾਵਾ ਨੇ ਸੀਨੀਅਰ ਮਨੋਰੋਗ ਮਾਹਿਰ ਡਾਕਟਰ ਵੀਨਾ ਕ੍ਰਿਸ਼ਣਨ ਨਾਲ ਗੱਲਬਾਤ ਕੀਤੀ ਤਾਂ ਜੋ ਉਹ ਆਪਣੇ ਪਾਠਕਾਂ ਨੂੰ ਇਸ ਵਿਗਾੜ ਤੋਂ ਜਾਣੂ ਕਰਵਾ ਸਕਣ।
ਡਾਊਨ ਸਿੰਡਰੋਮ ਕੀ ਹੈ?
ਡਾ. ਕ੍ਰਿਸ਼ਨਨ ਦੱਸਦੇ ਹਨ ਕਿ ਇਹ ਇੱਕ ਜੈਨੇਟਿਕ ਵਿਕਾਰ ਹੈ। ਇੱਕ ਬੱਚਾ ਆਮ ਤੌਰ 'ਤੇ 46 ਕ੍ਰੋਮੋਸੋਮ ਨਾਲ ਪੈਦਾ ਹੁੰਦਾ ਹੈ, ਜਿਸ ਵਿੱਚੋਂ ਆਪਣੀ ਮਾਂ ਦੁਆਰਾ 23 ਕ੍ਰੋਮੋਸੋਮ ਦਾ ਇੱਕ ਸਮੂਹ ਅਤੇ ਆਪਣੇ ਪਿਤਾ ਦੁਆਰਾ 23 ਕ੍ਰੋਮੋਸੋਮ ਦਾ ਇੱਕ ਸਮੂਹ ਪ੍ਰਾਪਤ ਕਰਦਾ ਹੈ। ਜੋ ਕੁੱਲ ਮਿਲਾ ਕੇ 46 ਹਨ, ਪਰ ਜੇ ਬੱਚਾ ਆਪਣੀ ਮਾਂ ਜਾਂ ਪਿਤਾ ਤੋਂ ਵਾਧੂ ਕ੍ਰੋਮੋਸੋਮ ਪ੍ਰਾਪਤ ਕਰਦਾ ਹੈ, ਤਾਂ ਉਹ ਡਾਊਨ ਸਿੰਡਰੋਮ ਦਾ ਸ਼ਿਕਾਰ ਹੋ ਜਾਂਦਾ ਹੈ। ਡਾਊਨ ਸਿੰਡਰੋਮ ਵਾਲੇ ਬੱਚੇ 'ਚ ਇੱਕ ਵਾਧੂ 21ਵਾਂ ਕ੍ਰੋਮੋਸੋਮ ਆਉਣ ਨਾਲ ਉਸ ਦੇ ਸਰੀਰ 'ਚ ਕ੍ਰੋਮੋਸੋਮਾਂ ਦੀ ਗਿਣਤੀ 47 ਹੋ ਜਾਂਦੀ ਹੈ। ਆਮ ਬੱਚਿਆਂ ਦੇ ਮੁਕਾਬਲੇ, ਡਾਊਨ ਸਿੰਡਰੋਮ ਵਾਲੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੌਲੀ ਹੁੰਦਾ ਹੈ। ਇਸ ਵਿਕਾਰ ਨਾਲ ਪੀੜਤ ਲੋਕਾਂ ਦੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦੂਜਿਆਂ ਤੋਂ ਵੱਖਰੀਆਂ ਹਨ ਅਤੇ ਨਾਲ ਹੀ ਉਨ੍ਹਾਂ ਵਿਚ ਬੌਧਿਕ ਅਪੰਗਤਾ ਵੀ ਪਾਈ ਜਾਂਦੀ ਹੈ।
ਡਾਊਨ ਸਿੰਡਰੋਮ ਦੇ ਚਿੰਨ੍ਹ ਅਤੇ ਲੱਛਣ
ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਦੇ ਅਨੁਸਾਰ ਡਾਊਨ ਸਿੰਡਰੋਮ ਦੇ ਸੰਕੇਤ ਅਤੇ ਬਿਮਾਰੀ ਦੀ ਗੰਭੀਰਤਾ ਹਰੇਕ ਬੱਚੇ 'ਚ ਵੱਖੋ ਵੱਖ ਹੋ ਸਕਦੀ ਹੈ। ਡਾਊਨ ਸਿੰਡਰੋਮ ਦੇ ਕਾਰਨ ਪੀੜਤਾਂ 'ਚ ਵਿਗਾੜ ਦੇ ਕੁਝ ਸਰੀਰਕ ਅੰਤਰ ਅਤੇ ਸੰਕੇਤ ਹੇਠ ਲਿਖੇ ਅਨੁਸਾਰ ਹਨ;
- ਭੱਦਾ ਚਿਹਰਾ, ਖ਼ਾਸਕਰ ਨੱਕ 'ਤੇ ਅਸਰ
- ਉੱਪਰ ਵੱਲ ਝੁਕੀਆਂ ਹੋਈਆਂ ਅੱਖਾਂ
- ਛੋਟੀ ਗਰਦਨ ਅਤੇ ਛੋਟੇ ਕੰਨ
- ਮੂੰਹ ਤੋਂ ਬਾਹਰ ਨਿਕਲਦੀ ਰਹਿਣ ਵਾਲੀ ਜੀਭ
- ਮਾਸਪੇਸ਼ੀ ਦੀ ਕਮਜ਼ੋਰੀ, ਕਮਜ਼ੋਰ ਜੋੜ ਅਤੇ ਬਹੁਤ ਜ਼ਿਆਦਾ ਲਚਕ
- ਚੌੜੇ, ਛੋਟੇ ਹੱਥ, ਹਥੇਲੀ 'ਚ ਇੱਕ ਲਕੀਰ
- ਤੁਲਨਾਤਮਕ ਤੌਰ 'ਤੇ ਛੋਟੀਆਂ ਉਂਗਲਾਂ, ਛੋਟੇ ਹੱਥ ਅਤੇ ਪੈਰ
- ਛੋਟਾ ਕੱਦ
- ਅੱਖ ਦੀ ਪੁਤਲੀ 'ਚ ਛੋਟੇ ਚਿੱਟੇ ਚਟਾਕ
ਡਾ. ਕ੍ਰਿਸ਼ਣਨ ਦੱਸਦੇ ਹਨ ਕਿ ਇਸ ਤੋਂ ਇਲਾਵਾ ਡਾਊਨ ਸਿੰਡਰੋਮ ਤੋਂ ਪੀੜਤ ਬੱਚਿਆਂ ਅਤੇ ਵੱਡਿਆਂ 'ਚ ਕਈ ਕਿਸਮਾਂ ਦੀਆਂ ਸਿਹਤ ਸਮੱਸਿਆਵਾਂ ਵੀ ਪਾਈਆਂ ਜਾਂਦੀਆਂ ਹਨ। ਜਿਵੇਂ ਕਿ ਲਿਊਕਿਮੀਆ, ਅੱਖਾਂ ਦੀ ਕਮਜ਼ੋਰੀ, ਸੁਣਨ ਸ਼ਕਤੀ, ਦਿਲ ਦੀ ਬਿਮਾਰੀ, ਯਾਦਦਾਸ਼ਤ ਦੀ ਘਾਟ, ਨੀਂਦ ਦਾ ਇਲਾਜ਼ ਆਦਿ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਲਾਗਾਂ ਦਾ ਵੀ ਖ਼ਤਰਾ ਰਹਿੰਦਾ ਹੈ।
ਡਾਊਨ ਸਿੰਡਰੋਮ ਦੇ ਪ੍ਰਕਾਰ
ਸੀਡੀਸੀ ਦੇ ਅਨੁਸਾਰ, ਇੱਥੇ ਡਾਊਨ ਸਿੰਡਰੋਮ ਦੀਆਂ ਤਿੰਨ ਮੁੱਖ ਕਿਸਮਾਂ ਮੰਨੀਆਂ ਜਾਂਦੀਆਂ ਹਨ;
ਟ੍ਰਾਈਸੋਮੀ 21
ਇਹ ਡਾਊਨ ਸਿੰਡਰੋਮ ਦੀ ਸਭ ਤੋਂ ਆਮ ਕਿਸਮ ਹੈ। ਟ੍ਰਾਈਸੋਮੀ 21 ਇਸ ਵਿਕਾਰ ਤੋਂ ਪੀੜਤ ਲਗਭਗ 95 ਪ੍ਰਤੀਸ਼ਤ ਬੱਚਿਆਂ ਅਤੇ ਬਾਲਗਾਂ ਵਿੱਚ ਡਾਊਨ ਸਿੰਡਰੋਮ ਦਾ ਮੁਢੱਲਾ ਕਾਰਨ ਹੈ। ਟ੍ਰਾਈਸੋਮੀ 21 'ਚ ਸਰੀਰ ਦੇ ਹਰੇਕ ਸੈੱਲ 'ਚ ਦੋ ਦੀ ਥਾਂ ਤਿੰਨ ਕ੍ਰੋਮੋਸੋਮ ਹੁੰਦੇ ਹਨ।
ਟ੍ਰਾਂਸਲੋਕੇਸ਼ਨ ਡਾਊਨ ਸਿੰਡਰੋਮ
ਇਸ ਪੜਾਅ 'ਤੇ ਕ੍ਰੋਮੋਸੋਮ 21 ਦੇ ਕੁਝ ਵਾਧੂ ਤੱਤ ਹੋਰ ਕ੍ਰੋਮੋਸੋਮ 'ਚ ਸ਼ਾਮਲ ਕੀਤੇ ਜਾਂਦੇ ਹਨ। ਡਾਊਨ ਸਿੰਡਰੋਮ ਵਾਲੇ ਲਗਭਗ ਚਾਰ ਪ੍ਰਤੀਸ਼ਤ ਬੱਚਿਆਂ ਵਿੱਚ ਇਸ ਵਿਗਾੜ ਦਾ ਕਾਰਨ ਟਰਾਂਸਲੋਕੇਸ਼ਨ ਡਾਊਨ ਸਿੰਡਰੋਮ ਹੈ।
ਮੋਜੇਕ ਡਾਊਨ ਸਿੰਡਰੋਮ
ਇਸ ਅਵਸਥਾ 'ਚ ਸਰੀਰ ਦੇ ਕੁਝ ਹੀ ਸੈੱਲਾਂ 'ਚ ਵਾਧੂ ਕ੍ਰੋਮੋਸੋਮ 21 ਹੁੰਦਾ ਹੈ। ਇਸ ਕਿਸਮ ਵਿੱਚ ਟ੍ਰਾਈਸੋਮੀ 21 ਅਤੇ ਟ੍ਰਾਂਸਲੋਕੇਸ਼ਨ ਡਾਊਨ ਸਿੰਡਰੋਮ ਦੋਵਾਂ ਦੇ ਲੱਛਣ ਮਿਲਦੇ ਹਨ। ਡਾਊਨ ਸਿੰਡਰੋਮ ਨਾਲ ਪੀੜਤ ਤਕਰੀਬਨ ਦੋ ਪ੍ਰਤੀਸ਼ਤ ਲੋਕਾਂ 'ਚ ਮੋਜ਼ੇਕ ਡਾਊਨ ਸਿੰਡਰੋਮ ਵਿਕਾਰ ਦਾ ਕਾਰਨ ਹੈ।
ਡਾਊਨ ਸਿੰਡਰੋਮ ਦੀ ਸੰਭਾਵਨਾ ਕਦੋਂ ਵਧਦੀ ਹੈ?
ਡਾ. ਕ੍ਰਿਸ਼ਣਨ ਸੁਝਾਅ ਦਿੰਦੇ ਹਨ ਕਿ ਜੇ ਕੋਈ ਮਹਿਲਾ 35 ਜਾਂ ਇਸਤੋਂ ਵੱਡੀ ਉਮਰ ਤੋਂ ਬਾਅਦ ਗਰਭਵਤੀ ਹੁੰਦੀ ਹੈ, ਤਾਂ ਅਜਿਹੇ ਪੜਾਅ 'ਤੇ ਪੈਦਾ ਹੋਏ ਬੱਚਿਆਂ 'ਚ ਡਾਊਨ ਸਿੰਡਰੋਮ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਇਸ ਤੋਂ ਇਲਾਵਾ ਪਰਿਵਾਰ 'ਚ ਡਾਊਨ ਸਿੰਡਰੋਮ ਦਾ ਇਤਿਹਾਸ ਰਿਹਾ ਹੋਵੇ, ਖ਼ਾਸਕਰ ਮਾਤਾ-ਪਿਤਾ ਦੇ ਭੈਣਾਂ-ਭਰਾਵਾਂ 'ਚ ਜੇ ਕਿਸੇ ਨੂੰ ਡਾਊਨ ਸਿੰਡਰੋਮ ਹੈ ਜਾਂ ਜੇਕਰ ਪਹਿਲੇ ਬੱਚੇ ਨੂੰ ਡਾਊਨ ਸਿੰਡਰੋਮ ਹੈ, ਤਾਂ ਦੂਸਰੇ ਬੱਚੇ 'ਚ ਵੀ ਇਸ ਦਾ ਖ਼ਤਰਾ ਵੱਧ ਜਾਂਦਾ ਹੈ। ਇਸੇ ਲਈ ਡਾਕਟਰ ਐਮਨੀਓਸੈਂਟੀਸਿਸ ਟੈਸਟ ਕਰਵਾਉਣ ਦੀ ਸਿਫਾਰਸ਼ ਕਰਦੇ ਹਨ। ਇਹ ਇਕ ਡਾਇਗਨੌਸਟਿਕ ਟੈਸਟ ਹੈ ਜੋ ਜੈਨੇਟਿਕ ਸਿਹਤ ਦੀਆਂ ਸਥਿਤੀਆਂ ਦੀ ਪੁਸ਼ਟੀ ਕਰਨ ਲਈ ਵਰਤਿਆ ਜਾਂਦਾ ਹੈ। ਇਹ ਟੈਸਟ ਬੱਚੇ ਦੀ ਡਾਊਨ ਸਿੰਡਰੋਮ ਦੀ ਪੁਸ਼ਟੀ ਕਰਨ ਲਈ ਕੀਤਾ ਜਾਂਦਾ ਹੈ।
ਕੀ ਡਾਊਨ ਸਿੰਡਰੋਮ ਦਾ ਇਲਾਜ਼ ਸੰਭਵ ਹੈ?
ਡਾ. ਕ੍ਰਿਸ਼ਣਨ ਨੇ ਦੱਸਿਆ ਕਿ ਡਾਊਨ ਸਿੰਡਰੋਮ ਦਾ ਪੂਰਾ ਇਲਾਜ਼ ਸੰਭਵ ਨਹੀਂ ਹੈ ਅਤੇ ਇਹ ਇੱਕ ਗੰਭੀਰ ਸਮੱਸਿਆ ਹੈ। ਹਾਲਾਂਕਿ, ਸਮੇਂ ਸਿਰ ਇਲਾਜ ਸ਼ੁਰੂ ਕਰਕੇ ਇਸ ਦੇ ਲੱਛਣਾਂ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇ ਬੱਚਿਆਂ 'ਚ ਇਸ ਦਾ ਇਲਾਜ ਜਲਦੀ ਸ਼ੁਰੂ ਕਰ ਦਿੱਤਾ ਜਾਵੇ ਤਾਂ ਨਿਯਮਤ ਸਿਹਤ ਜਾਂਚਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਨੂੰ ਨਿਯੰਤਰਣ 'ਚ ਰੱਖ ਕੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਕੀਤਾ ਜਾ ਸਕਦਾ ਹੈ। ਨਾਲ ਹੀ ਵੱਖ-ਵੱਖ ਉਪਚਾਰਾਂ ਦੀ ਸਹਾਇਤਾ ਨਾਲ ਉਨ੍ਹਾਂ ਦੀਆਂ ਬੌਧਿਕ ਯੋਗਤਾਵਾਂ, ਜ਼ਰੂਰੀ ਆਦਤਾਂ ਅਤੇ ਮੋਟਰ ਹੁਨਰਾਂ ਨੂੰ ਸੁਧਾਰਿਆ ਜਾ ਸਕਦਾ ਹੈ।
ਡਾ: ਕ੍ਰਿਸ਼ਣਨ ਦਾ ਕਹਿਣਾ ਹੈ ਕਿ ਡਾਊਨ ਸਿੰਡਰੋਮ ਤੋਂ ਪੀੜਤ ਦੇਖਣ 'ਚ ਅਲੱਗ ਲੱਗ ਸਕਦੇ ਹਨ, ਪਰ ਇਹ ਸਾਬਤ ਹੋ ਚੁੱਕਿਆ ਹੈ ਕਿ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਉਹ ਵੀ ਆਮ ਜ਼ਿੰਦਗੀ ਜੀਅ ਸਕਦੇ ਹਨ।
ਇਹ ਵੀ ਪੜ੍ਹੋ:ਲੋਕ ਸਭਾ ਸਪੀਕਰ ਓਮ ਬਿਰਲਾ ਕੋਰੋਨਾ ਪੌਜ਼ੀਟਿਵ, ਏਮਜ਼ 'ਚ ਭਰਤੀ