ਤਰਨਤਾਰਨ: ਬੀਤੇ ਦਿਨੀ ਭਿੱਖੀਵਿੰਡ ਅਧੀਨ ਪੁਲਿਸ ਥਾਣਾ ਖਾਲੜਾ ਦੇ ਇੱਕ ਏਐੱਸਆਈ ਸਰਬਜੀਤ ਸਿੰਘ ਵੱਲੋਂ ਮਾਸੂਮ ਬੱਚਿਆਂ ਨਾਲ ਤਸੱਦਦ ਦੀ ਵੀਡੀਓ ਵਾਇਰਲ ਹੋਣ ਪਿੱਛੋ ਸ਼ਨੀਵਾਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੇ ਏ.ਐਸ.ਆਈ. ਨੂੰ ਮੁਅੱਤਲ ਕਰ ਦਿੱਤਾ ਹੈ। ਐਸ.ਐਸ.ਪੀ. ਨੇ ਇਸ ਪੂਰੇ ਮਾਮਲੇ ਦੀ ਜਾਂਚ ਡੀ.ਐਸ.ਪੀ. ਰਾਜਦੀਪ ਸਿੰਘ ਨੂੰ ਸੌਂਪ ਦਿੱਤੀ ਹੈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਬੱਚਿਆਂ ਤੋਂ ਡੰਡ ਬੈਠਕਾਂ ਲਵਾਉਣ ਵਾਲੇ ਏ.ਐਸ.ਆਈ. ਅਤੇ ਵੀਡੀਓ ਬਣਾਉਣ ਵਾਲੇ ਪੁਲਿਸ ਜਵਾਨ, ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਵਾਂ ਵਿਰੁੱਧ ਵਿਭਾਗੀ ਕਾਰਵਾਈ ਜਾਰੀ ਹੈ।
ਉਨ੍ਹਾਂ ਕਿਹਾ ਕਿ ਵਿਭਾਗੀ ਕਾਰਵਾਈ ਦੌਰਾਨ ਜੋ ਇਨ੍ਹਾਂ 'ਤੇ ਦੋਸ਼ ਲੱਗੇ ਹਨ, ਜੇਕਰ ਉਹ ਸਾਬਿਤ ਹੁੰਦੇ ਹਨ ਤਾਂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਬੀਤੇ ਦਿਨੀ ਏ.ਐਸ.ਆਈ ਸਰਬਜੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕ੍ਰਿਕਟ ਖੇਡ ਰਹੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਫੜ ਕੇ ਉਨ੍ਹਾਂ ਦੀ ਸੋਟੀਆਂ ਨਾਲ ਕੁੱਟਮਾਰ ਕਰ ਕੇ ਡੰਡ ਬੈਠਕਾਂ ਲਵਾ ਰਿਹਾ ਸੀ। ਇਸ ਮਗਰੋਂ ਏ.ਐਸ.ਆਈ ਦੇ ਸਾਥੀ ਨੇ ਇਸਦੀ ਵੀਡੀਓ ਬਣਾ ਕੇ ਇੰਟਰਨੈਟ 'ਤੇ ਵਾਇਰਲ ਕਰ ਦਿੱਤੀ।