ਤਰਨਤਾਰਨ: ਜ਼ਿਲ੍ਹੇ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਂ ਨਜ਼ਦੀਕ ਬੁਲਟ ਮੋਟਰਸਾਈਕਲ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਕਾਰਨ ਬੁਲਟ ਮੋਟਰਸਾਈਕਲ ਉੱਤੇ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਮਰਨ ਵਾਲੇ ਨੌਜਵਾਨਾਂ ਵਿੱਚ ਇੱਕ ਨੌਜਵਾਨ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਣਾ ਸੀ ਅਤੇ ਉਹ ਕਾਰਡ ਵੰਡਣ ਹੀ ਜਾ ਰਿਹਾ ਸੀ। ਪਰ ਇਸ ਹਾਦਸੇ ਦੇ ਕਾਰਨ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਤਬਦੀਲ ਹੋ ਗਈਆਂ।
ਦੱਸ ਦਈਏ ਕਿ ਇਸ ਭਿਆਨਕ ਹਾਦਸੇ ਦੇ ਕਾਰਨ ਇਕ ਮੁਹੱਲੇ ਦੇ ਦੋ ਘਰਾਂ ਵਿਚ ਮਾਤਮ ਛਾ ਗਿਆ। ਫਿਲਹਾਲ ਇਲਾਕੇ ਨਾਲ ਸਬੰਧਤ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਮਜੀਠਾ ਦੀ ਵਾਰਡ ਨੰਬਰ 1 'ਚ ਰਹਿਣ ਵਾਲੇ ਸ਼ਰਨਜੀਤ ਸਿੰਘ ਦਾ 21-22 ਨਵੰਬਰ ਵਿਆਹ ਸੀ। ਜਿਸ ਦੇ ਚਲਦਿਆਂ ਸ਼ਰਨਜੀਤ ਸਿੰਘ ਆਪਣੇ ਦੋਸਤ ਪ੍ਰਦੀਪ ਸਿੰਘ ਜੋ ਉਸ ਦਾ ਦੋਸਤ ਹੈ ਅਤੇ ਉਸੇ ਮੁਹੱਲੇ ਵਿਚ ਰਹਿੰਦਾ ਹੈ ਸਮੇਤ ਪਿੰਡ ਜਾਮਾਰਾਏ 'ਚ ਵਿਆਹ ਦੇ ਕਾਰਡ ਦੇਣ ਲਈ ਬੁਲਟ ਮੋਟਰਸਾਈਕਲ ਨੰਬਰ ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਉਹ ਪਿੰਡ ਕੋਟ ਮੁਹੰਮਦ ਖਾਂ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟ੍ਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ।
ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਦੇ ਭਰਾ ਗੁਰਪਿੰਦਰ ਸਿੰਘ ਦੇ ਬਿਆਨਾਂ 'ਤੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਟਰੈਕਟਰ ਟਰਾਲੀ ਸਮੇਤ ਹੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਦੇ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜੋ: CM ਮਾਨ ਦੀ ਰਿਹਾਇਸ਼ ਅੱਗੇ ਲੱਗਾ ਕਿਸਾਨਾਂ ਦਾ ਪੱਕਾ ਮੋਰਚਾ ਖ਼ਤਮ