ਚੰਡੀਗੜ੍ਹ: ਪੰਜਾਬ ਵਿਚ ਨਗਰ ਨਿਗਮ ਚੋਣਾਂ ਕਾਰਨ ਸਿਆਸੀ ਪਾਰਟੀਆਂ ਆਪਣੇ ਪ੍ਰਚਾਰ 'ਚ ਰੁਝੀਆਂ ਹੋਈਆਂ ਸਨ, ਜੋ ਕਿ ਅੱਜ ਖ਼ਤਮ ਹੋ ਚੁੱਕਿਆ ਹੈ। ਉਥੇ ਹੀ ਇੰਨ੍ਹਾਂ ਚੋਣਾਂ ਦੇ ਚੱਲਦਿਆਂ ਸੂਬੇ ਭਰ 'ਚ 21 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ।
ਸਰਕਾਰੀ ਦਫ਼ਤਰਾਂ 'ਚ ਛੁੱਟੀ ਦਾ ਐਲਾਨ
ਚੋਣ ਕਮਿਸ਼ਨ ਵਲੋਂ ਜਾਰੀ ਹੋਏ ਨੋਟੀਫਿਕੇਸ਼ਨ ਵਿਚ ਆਖਿਆ ਗਿਆ ਹੈ ਕਿ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਤੋਂ ਇਲਾਵਾ ਕੁਝ ਵਾਰਡ-ਵਾਰ ਜ਼ਿਮਨੀ ਚੋਣਾਂ 21 ਦਸੰਬਰ 2024 ਨੂੰ ਕਰਵਾਈਆਂ ਜਾਣਗੀਆਂ। ਜਿਸ ਦੇ ਚੱਲਦੇ ਸੂਬੇ ਭਰ ਦੇ ਸਾਰੇ ਸਰਕਾਰੀ ਦਫ਼ਤਰਾਂ 'ਚ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ। ਇਸ ਨੋਟੀਫਿਕੇਸ਼ਨ ਵਿਚ ਲਿਖਿਆ ਗਿਆ ਹੈ ਕਿ 21 ਦਸੰਬਰ (ਸ਼ਨੀਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਤਹਿਤ ਮਿਉਂਸੀਪਲ ਬਾਡੀਜ਼ ਦੇ ਅਧਿਕਾਰ ਖੇਤਰ ਵਿੱਚ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਉਥੇ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ। ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਵਿਸ਼ੇਸ਼ ਛੁੱਟੀ ਮਿਲੇਗੀ, ਜੋ ਕਿ ਇਨ੍ਹਾਂ ਮਿਉਂਸੀਪਲ ਬਾਡੀਜ਼ ਦੇ ਵੋਟਰ ਹਨ, ਪਰ ਕਿਤੇ ਹੋਰ ਨੌਕਰੀ ਕਰਦੇ ਹਨ।
ਸਕੂਲਾਂ 'ਚ ਵੀ ਸਰਕਾਰ ਨੇ ਕੀਤੀ ਛੁੱਟੀ
ਉਥੇ ਹੀ ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਵੀ ਛੁੱਟੀ ਐਲਾਨ ਦਿੱਤੀ ਗਈ ਹੈ। ਜਿਸ ਦੇ ਚੱਲਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ 'ਚ ਲਿਖਿਆ ਗਿਆ ਹੈ ਕਿ ਪੰਜਾਬ ਚੋਣ ਕਮਿਸ਼ਨ ਵਲੋਂ ਪ੍ਰਾਪਤ ਦੇ ਸ਼ਡਿਊਲ ਅਨੁਸਾਰ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਸੂਬੇ 'ਚ ਹੋ ਰਹੀਆਂ ਹਨ, ਜਿਸ ਦੇ ਚੱਲਦੇ ਸੂਬੇ ਭਰ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਚ 21 ਦਸੰਬਰ ਨੂੰ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।