ਤਰਨਤਾਰਨ: ਪਿੰਡ ਅਲਗੋਂ ਖ਼ੁਰਦ ਵਿਖੇ ਪੁਲਿਸ ਵੱਲੋਂ ਪੁੱਛਗਿੱਛ ਲਈ ਬੁਲਾਏ ਗਏ ਇੱਕ ਵਿਅਕਤੀ ਦੀ ਹੋਈ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਦੋਸ਼ ਲਾਉਂਦੇ ਹੋਏ ਪੁਲਿਸ ਚੌਕੀ ਅੱਗੇ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਦੋਸ਼ ਲਾਏ ਕਿ ਗੋਰਾ ਸਿੰਘ ਦੀ ਮੌਤ ਪੁਲਿਸ ਵੱਲੋਂ ਹਿਰਾਸਤ ਵਿੱਚ ਕੀਤੀ ਗਈ ਕੁੱਟਮਾਰ ਕਾਰਨ ਹੋਈ ਹੈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਔਰਤ ਨਾਲ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਲੜਾਈ ਹੋਈ ਸੀ। ਇਸ ਪਿੱਛੋਂ ਕਥਿਤ ਦੋਸ਼ੀ ਔਰਤ ਹਰਜਿੰਦਰ ਕੌਰ ਨੇ ਗੋਰਾ ਸਿੰਘ ਨੂੰ ਆਪਣੇ ਘਰ ਸੱਦਿਆ। ਪਹਿਲਾਂ ਵੀ ਉਹ ਉਸਦੇ ਭਰਾ ਕੋਲੋਂ ਪੈਸੇ ਲੈਂਦੇ ਰਹੀ ਸੀ ਅਤੇ ਗੱਲਬਾਤ ਕਰਦੀ ਸੀ। ਘਰ ਬੁਲਾ ਕੇ ਉਸ ਨੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਗੋਰਾ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਪਰੰਤ ਉਸ ਨੇ ਪੁਲਿਸ ਕੋਲ ਉਸਦੇ ਭਰਾ ਵਿਰੁੱਧ ਕੇਸ ਦਰਜ ਕਰਵਾ ਦਿੱਤਾ।
ਇਥੇ ਪਹਿਲਾਂ ਪੁਲਿਸ ਚੌਕੀ ਅਲਗੋਂ ਕੋਠੀ ਨੇ ਗੋਰਾ ਸਿੰਘ ਨੂੰ ਦੋ ਦਿਨਾਂ ਤੱਕ ਆਪਣੀ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਦੇ ਭਰਾ ਨੂੰ ਥਾਣਾ ਵਲਟੋਹਾ ਭੇਜ ਦਿੱਤਾ ਗਿਆ, ਜਿਥੇ ਪੁਲਿਸ ਨੇ ਤਿੰਨ ਦਿਨ ਤੱਕ ਮੁੜ ਹਿਰਾਸਤ ਵਿੱਚ ਰੱਖ ਕੇ ਉਸ ਨੂੰ ਟਾਰਚਰ ਕੀਤਾ ਗਿਆ।
ਉਸ ਨੇ ਦੱਸਿਆ ਕਿ ਪੰਜ ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਪੁਲਿਸ ਨੇ ਗੋਰਾ ਨੂੰ ਪਰਿਵਾਰ ਹਵਾਲੇ ਕਰ ਦਿੱਤਾ, ਜਿਸ ਦੀ ਹਾਲਤ ਖ਼ਰਾਬ ਸੀ। ਇਲਾਜ ਲਈ ਜਦੋਂ ਉਹ ਗੋਰਾ ਸਿੰਘ ਨੂੰ ਸਿਵਲ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਉਸਦੀ ਮੌਤ ਹੋ ਗਈ ਹੈ।
ਉਸ ਨੇ ਆਪਣੇ ਭਰਾ ਦੀ ਮੌਤ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਨਾਲ ਹੀ ਉਸ ਦੀ ਮੌਤ ਹੋਈ ਹੈ, ਜਿਸ ਲਈ ਇਨਸਾਫ਼ ਦੀ ਮੰਗ ਕਰਦਿਆਂ ਜ਼ਿੰਮੇਵਾਰ ਲੋਕਾਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਨਾ ਕਰਨ 'ਤੇ ਪੁਲਿਸ ਚੌਕੀ ਅਲਗੋਂ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਉਧਰ, ਥਾਣਾ ਵਲਟੋਹਾ ਦੇ ਐਸਐਚਓ ਬਲਵਿੰਦਰ ਸਿੰਘ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਗੋਰਾ ਸਿੰਘ ਵਿਰੁੱਧ ਇੱਕ ਔਰਤ ਹਰਜਿੰਦਰ ਕੌਰ ਵੱਲੋਂ ਦਰਖਾਸਤ ਦਿੱਤੀ ਗਈ ਸੀ, ਜਿਸ ਸਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਗੋਰਾ ਸਿੰਘ ਨੂੰ ਪਹਿਲਾਂ ਕੋਈ ਮੁਸ਼ਕਿਲ ਨਹੀਂ ਸੀ ਅਤੇ ਪਰਿਵਾਰ ਹਰਜਿੰਦਰ ਕੌਰ ਵਿਰੁੱਧ ਦੋਸ਼ ਲਗਾ ਰਿਹਾ ਸੀ ਅਤੇ ਹੁਣ ਉਸਦੀ ਮੌਤ ਹੋਣ 'ਤੇ ਪੁਲਿਸ 'ਤੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਪੁਲਿਸ ਵੱਲੋਂ 174 ਤਹਿਤ ਕਾਰਵਾਈ ਕਰ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਹੋਈ ਕਰ ਦਿੱਤੀ ਜਾਵੇਗੀ।