ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦਾ ਇਕ ਨੌਜਵਾਨ ਪੁਰਾਣੀ ਰੰਜਿਸ਼ ਦੀ ਭੇਂਟ ਚੜ੍ਹ ਗਿਆ। ਬਦਮਾਸ਼ਾਂ ਨੇ ਬਲਦਾ ਲੈਣ ਲਈ ਇਕ ਹੱਸਦਾ ਵੱਸਦਾ ਘਰ ਉਜਾੜ ਦਿੱਤਾ। ਗੁੰਡਾਗਰਦੀ ਅਤੇ ਅਪਰਾਧ ਦਾ ਇਹ ਮਾਮਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਰੈਸ਼ੀਆਨਾ ਤੋਂ ਸਾਹਮਣੇ ਆਇਆ ਹੈ, ਜਿਥੇ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਇਕ ਨੌਜਵਾਨ 'ਤੇ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਹਮਲੇ ਦੌਰਾਨ ਸਿਰ 'ਚ ਜ਼ਿਆਦਾ ਸੱਟ ਲੱਗਣ ਕਾਰਨ ਹਸਪਤਾਲ 'ਚ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਰੈਸ਼ੀਆਨਾ ਵਿੱਚ ਰਹਿਣ ਵਾਲਾ ਲਵਪ੍ਰੀਤ ਸਿੰਘ ਜੋ ਮਹਿਜ਼ 21 ਸਾਲ ਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਬੀਤੀ ਰਾਤ ਜਦੋਂ ਆਪਣੇ ਦੋਸਤ ਨਾਲ ਪਿੰਡ ਦੀ ਫਿਰਨੀ ਵਿਚ ਮੌਜੂਦ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਕਿਸੇ ਰੰਜਿਸ਼ ਦੇ ਚਲਦਿਆਂ ਲਵਪ੍ਰੀਤ ਸਿੰਘ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਲਵਪ੍ਰੀਤ ਸਿੰਘ ਦੇ ਸਿਰ ਵਿੱਚ ਡੂੰਗੀ ਸੱਟ ਲੱਗਣ ਕਾਰਨ ਮੌਕੇ 'ਤੇ ਬੇਹੋਸ਼ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਕਿਹਾ ਜੀ ਰਿਹਾ ਹੈ ਕਿ ਇਹ ਝਗੜਾ ਕਿਸੇ ਕੁੜੀ ਨੂੰ ਲੈ ਕੇ ਕੀਤਾ ਗਿਆ ਸੀ।
ਪਿੰਡ ਵਿਚ ਸੋਗ ਦੀ ਲਹਿਰ: ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਦੌਰਾਨ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਨਿੱਤ ਦਿਨ ਅਜਿਹੀ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਜਾਂਦੀ ਹੈ, ਜਿਸ ਵਿੱਚ ਮਾਸੂਮ ਜਾਨਾਂ ਜਾਂਦੀਆਂ ਹਨ। ਉਥੇ ਹੀ ਇਕ ਹੋਰ ਮਾਮਲੇ ਨਾਲ ਪੁਲਿਸ ਦੀ ਚਿੰਤਾ ਵੱਧ ਰਹੀ ਹੈ ਕਿ ਸਮਾਜ ਕਿਸ ਰਾਹ ਪੈ ਰਿਹਾ ਹੈ ਲੁੱਟ ਖੋਹ, ਲੜਾਈ ਅਤੇ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਕਿ ਅਪਰਾਧ ਵੱਧ ਰਹੇ ਹਨ।