ਪੱਟੀ : ਇੱਥੋਂ ਦੇ ਇੱਕ ਨਿੱਜੀ ਸਕੂਲ ਨੇ 9ਵੀਂ ਜਾਮਤ ਦੇ ਕਰੀਬ 60 ਵਿਦਿਆਰਥੀਆਂ ਨੂੰ 50 ਫੀਸਦੀ ਤੋਂ ਵੀ ਵੱਧ ਅੰਕ ਹੋਣ ਦੇ ਬਾਵਜੂਦ ਫੇਲ੍ਹ ਕਰ ਦਿੱਤਾ ਹੈ, ਜਿਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਐੱਸਡੀਐੱਮ ਪੱਟੀ ਨੂੰ ਆਪਣੀ ਸ਼ਿਕਾਇਤ ਵੀ ਦਿੱਤੀ ਹੈ।
ਮਾਪਿਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੇ 50 ਫੀਸਦੀ ਤੋਂ ਵੀ ਵੱਧ ਅੰਕ ਹਨ ਪਰ ਸਕੂਲ ਪ੍ਰਸ਼ਾਸਨ ਨੇ ਜਾਣਬੁਝ ਕੇ ਉਨ੍ਹਾਂ ਦੇ ਬੱਚਿਆਂ ਨੂੰ ਨਾ ਫੇਲ੍ਹ ਕੀਤਾ ਹੈ ਅਤੇ ਨਾ ਹੀ ਅਗਲੀ ਜਮਾਤ ਵਿੱਚ ਕੀਤਾ ਹੈ।
ਇੱਕ ਵਿਦਿਆਰਥਣ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ 54 ਫੀਸਦੀ ਅੰਕ ਹਨ ਪਰ ਸਕੂਲ ਪ੍ਰਸ਼ਾਸਨ ਨਾ ਹੀ ਉਸ ਨੂੰ ਫੇਲ੍ਹ ਕਰ ਰਿਹਾ ਹੈ ਅਤੇ ਨਾ ਹੀ ਪਾਸ । ਉਨ੍ਹਾਂ ਸਕੂਲ ਦੇ ਅਧਿਆਪਕਾਂ 'ਤੇ ਇਲਜ਼ਾਮ ਲਗਾਇਆ ਕਿ ਅਧਿਆਪਕਾਂ ਕੋਲ ਟਿਊਸ਼ਨ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਵੱਧ ਅੰਕ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ: ਮਹਿਲਾ ਦਿਵਸ ਵਿਸ਼ੇਸ਼: ਕਮਾਲ ਹੈ ਕੁਰੂਕਸ਼ੇਤਰ ਦੀ ਇਹ ਛੋਰੀ, ਕਹਾਉਂਦੀ ਹੈ ਹਾਕੀ ਦੀ 'ਰਾਣੀ'
ਉਨ੍ਹਾਂ ਕਿਹਾ ਸਕੂਲ ਪ੍ਰਸ਼ਾਸਨ ਆਪਣਾ ਬੋਰਡ ਦਾ ਰਿਜਲਟ ਵਧੀਆ ਰੱਖਣ ਲਈ ਕਮਜ਼ੋਰ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਨਹੀਂ ਕਰ ਰਿਹਾ ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ੳੇੁਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਸ ਮਾਮਲੇ 'ਤੇ ਐੱਸਡੀਐੱਮ ਪੱਟੀ ਨਰਿੰਦਰ ਸਿੰਘ ਨੇ ਕਿਹਾ ਮਾਪਿਆਂ ਦੀ ਸ਼ਿਕਾਇਤ 'ਤੇ ਸਕੂਲ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਗਿਆ ਹੈ। ਜਲਦ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।
ਦੂਜੇ ਪਾਸੇ ਜਦੋਂ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਕੁਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ ।