ਤਰਨ ਤਾਰਨ: ਪੁਲਿਸ ਨੇ ਟ੍ਰਿਪਲ ਮਰਡਰ ਕੇਸ ਦੇ ਸਬੰਧ 'ਚ ਆਈਪੀਸੀ ਦੀ ਧਾਰਾ 302, 452, 34, 148 ਅਤੇ 149 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜ਼ਿਲ੍ਹੇ ਦੇ ਪਿੰਡ ਨੋਸ਼ਿਹਰਾ ਢਾਲਾ ਵਿਖੇ ਕੁੜੀ ਦਾ ਦੂਸਰੀ ਜਾਤ 'ਚ ਵਿਆਹ ਕਰਾਉਣ ਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ, ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਪਿੰਡ ਨੋਸ਼ਿਹਰਾ ਢਾਲਾ ਨੇ ਹਰਮਨ ਸਿੰਘ ਨੇ ਪਿੰਡ ਦੀ ਹੋਰ ਜਾਤ ਦੀ ਕੁੜੀ ਬੇਵੀ ਨਾਲ ਇੱਕ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਜੋ ਕਿ ਕੁੜੀ ਦੇ ਪਰਿਵਾਰਕ ਮੈਬਰਾਂ ਨੂੰ ਮਨਜ਼ੂਰ ਨਹੀਂ ਸੀ ਜਿਸਦੇ ਚੱਲਦਿਆਂ ਉਨ੍ਹਾਂ ਵੱਲੋ ਮੰਗਲਵਾਰ ਰਾਤ ਨੂੰ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਇਸ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਐੱਸਪੀ (ਡੀ) ਹਰਜੀਤ ਸਿੰਘ ਨੇ ਦੱਸਿਆ ਕਿ ਕੁੜੀ ਦਾ ਪਿਓ ਬੀਰ ਸਿੰਘ ਇਸ ਘਟਨਾ ਦਾ ਮੁੱਖ ਦੋਸ਼ੀ ਹੈ ਜਿਸ ਨੂੰ ਗ੍ਰਿ਼ਫਤਾਰ ਕਰ ਲਿਆ ਗਿਆ ਹੈ। ਵਿਆਹੁਤਾ ਜੋੜੇ ਦਾ ਘਰ 'ਚ ਨਾ ਹੋਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ । ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ ਅਣਖ ਖ਼ਾਤਰ ਇਹ ਕਤਲ ਕੀਤਾ ਗਿਆ ਸੀ ਅਤੇ ਇਸ ਮਾਮਲੇ 'ਚ ਪਿਤਾ ਅਤੇ ਜਵਾਈ ਤੋਂ ਇਲਾਵਾ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਵੀ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ। ਫ਼ਿਲਹਾਲ ਪੁਲੀਸ ਨੇ ਮੁੱਖ ਦੋਸ਼ੀ ਬੀਰ ਸਿੰਘ ਅਤੇ ਜੋਬਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਧਾਰਾ 302, 452, 34, 148 ਅਤੇ 149 ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮਾਨਸਾ ਦੇ ਏ.ਡੀ.ਸੀ. ਨਾਲ ਹੋਈ ਬਦਸਲੂਕੀ ਦੇ ਵਿਰੋਧ 'ਚ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਦਾ ਧਰਨਾ