ਤਰਨਤਾਰਨ: ਪਿੰਡ ਬੱਠੇ ਭੈਣੀ ਦਾ ਰਹਿਣ ਵਾਲਾ ਮੰਗਲ ਸਿੰਘ ਜੋ ਵਾਤਾਵਰਨ ਦੀ ਖੂਬ ਸੇਵਾ ਕਰ ਰਿਹਾ ਹੈ। ਜਿਨ੍ਹਾਂ ਦੀ ਇਸ ਅਨੋਖੀ ਸੇਵਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਨਾਲ ਹੀ ਹਰ ਇੱਕ ਵਿਅਕਤੀ ਉਨ੍ਹਾਂ ਦੀ ਇਸ ਸੇਵਾ ਦੀ ਸ਼ਲਾਘਾ ਵੀ ਕਰਦਾ ਹੈ। ਦੱਸ ਦਈਏ ਕਿ ਮੰਗਲ ਸਿੰਘ ਵਾਤਾਵਰਣ ਪ੍ਰੇਮੀ ਹਨ ਇਸ ਲਈ ਉਹ ਆਪਣੇ ਘਰ ’ਚ ਬੂਟਿਆਂ ਨੂੰ ਤਿਆਰ ਕਰਕੇ ਵੱਖ ਵੱਖ ਪਿੰਡਾਂ ਦੇ ਸਕੂਲਾਂ, ਸੜਕਾਂ ਦੇ ਕਿਨਾਰੇ ਅਤੇ ਹੋਰਨਾ ਕਈ ਥਾਵਾਂ ਤੇ ਇਨ੍ਹਾਂ ਤਿਆਰ ਬੂਟਿਆ ਨੂੰ ਲਗਾਉਂਦੇ ਹਨ। ਇਨ੍ਹਾਂ ਬੂਟਿਆ ਦਾ ਪਾਲਣ ਪੋਸ਼ਣ ਵੀ ਉਹ ਆਪ ਹੀ ਕਰ ਰਹੇ ਹਨ।
ਇਸ ਸਬੰਧ ਚ ਮੰਗਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ’ਚ 5 ਹਜ਼ਾਰ ਦੇ ਕਰੀਬ ਬੂਟੇ ਆਪਣੇ ਹੱਥੀ ਤਿਆਰ ਕਰਕੇ ਲਗਾ ਚੁੱਕੇ ਹਨ। ਉਹ ਆਪਣੇ ਘਰ ਚ ਹੀ ਬੂਟਿਆਂ ਨੂੰ ਤਿਆਰ ਕਰਦੇ ਹਨ ਅਤੇ ਫਿਰ ਉਹ ਆਪਣੀ ਸਾਇਕਲ ’ਤੇ ਸਵਾਰ ਕੇ ਵੱਖ ਵੱਖ ਪਿੰਡਾਂ ਚ ਜਾ ਕੇ ਉੱਥੇ ਦੇ ਸਕੂਲਾਂ ਅਤੇ ਸੜਕਾਂ ਤੇ ਲਗਾਉਂਦੇ ਹਨ। ਇਨ੍ਹਾਂ ਹੀ ਨਹੀਂ ਇਨ੍ਹਾਂ ਬੂਟਿਆਂ ਨੂੰ ਪਾਣੀ ਦੇਣਾ ਉਨ੍ਹਾਂ ਦੀ ਦੇਖਭਾਲ ਵੀ ਉਹ ਆਪ ਹੀ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਜਿਥੇ ਵੀ ਜਾਂਦੇ ਹਨ ਉਨ੍ਹਾਂ ਨੂੰ ਲੋਕਾਂ ਦਾ ਸਾਥ ਵੀ ਮਿਲਦਾ ਹੈ।
ਦੱਸ ਦਈਏ ਕਿ ਮੰਗਲ ਸਿੰਘ ਪਿੰਡ ਡੱਲ ਵਿਖੇ ਬੂਟੇ ਲਗਾਉਣ ਲਈ ਪਹੁੰਚੇ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਮੈਡਮ ਵੱਲੋਂ ਸਿਰਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਜੀਓ ਜੀ ਸਤਨਾਮ ਸਿੰਘ ਵੱਲੋਂ ਉਨ੍ਹਾਂ ਨੂੰ ਨਕਦ ਰਾਸ਼ੀ ਦੇ ਕੇ ਉਨ੍ਹਾਂ ਦਾ ਹੌਂਸਲਾ ਵੀ ਵਧਾਇਆ।