ਤਰਨ ਤਾਰਨ: ਨਗਰ ਪੰਚਾਇਤ ਭਿੱਖੀਵਿੰਡ ਦੀ ਹਦੂਦ ਵਿੱਚ ਆਉਂਦੇ ਇਲਾਕੇ ਦੇ ਵਿਕਾਸ ਕੰਮ ਕਰਵਾਉਣ ਲਈ ਪਿਛਲੇ ਦਿਨੀਂ ਲਗਾਏ ਗਏ 2 ਕਰੋੜ 6 ਲੱਖ 31 ਹਜ਼ਾਰ ਰੁਪਏ ਦੇ ਟੈਂਡਰਾਂ ਦੀ ਸ਼ਿਕਾਇਤ ਕਸਬੇ ਦੇ ਹੀ ਇੱਕ ਵਸਨੀਕ ਨੇ ਮੁੱਖ ਮੰਤਰੀ ਪੰਜਾਬ ਦੇ ਦਫਤਰ ਨੂੰ ਭੇਜੀ ਦਿੱਤੀ। ਉਕਤ ਸ਼ਿਕਾਇਤ ' ਚ ਕਿਹਾ ਗਿਆ ਹੈ ਕਿ ਨਗਰ ਪੰਚਾਇਤ ਭਿੱਖੀਵਿੰਡ ਵੱਲੋਂ ਵਿਕਾਸ ਦੇ ਕੰਮਾਂ ਦੇ ਜੋ ਟੈਂਡਰ ਲਗਾਏ ਹਨ , ਉਨ੍ਹਾਂ ਵਿੱਚੋਂ ਕਈ ਕੰਮ ਪਹਿਲਾਂ ਹੀ ਹੋਏ ਹਨ।
ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਦਫ਼ਤਰੀ ਅਧਿਕਾਰੀਆਂ ਨੇ ਕਥਿਤ ਤੌਰ ' ਤੇ ਮਿਲੀਭੁਗਤ ਕਰ ਕੇ ਉਨ੍ਹਾਂ ਕੰਮਾਂ ਦੇ ਟੈਂਡਰ ਮੁੜ ਲਗਾਏ ਅਤੇ ਗਲੀਆਂ ਵਿਚ ਸੀਵਰੇਜ ਪਾਉਣ ਦੇ ਨਾਂ ' ਤੇ ਥੋੜ੍ਹਾ ਸਮਾਂ ਪਹਿਲਾਂ ਬਣੀਆਂ ਹੋਈਆਂ ਵਧੀਆ ਗਲੀਆਂ ਨੂੰ ਪੁੱਟ ਦਿੱਤਾ। ਇਨ੍ਹਾਂ ਹੀ ਨਹੀਂ ਸੀਵਰੇਜ ਪਾ ਕੇ ਦੁਬਾਰਾ ਨਵੀਆਂ ਇੰਟਰਲੌਕ ਟਾਈਲਾਂ ਲਗਾਉਣ ਦੇ ਟੈਂਡਰ ਵੀ ਜਾਰੀ ਕੀਤੇ ਗਏ ਹਨ , ਜੋ ਕਿ ਥੋੜ੍ਹੀ ਜਿਹੀ ਕਮਿਸ਼ਨ ਬਦਲੇ ਕਰੋੜਾਂ ਰੁਪਏ ਦੀ ਬਰਬਾਦੀ ਤੋਂ ਘੱਟ ਨਹੀਂ ।
ਉਕਤ ਸ਼ਿਕਾਇਤ ' ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਦਫਤਰ ਵੱਲੋਂ ਤਰਨਤਾਰਨ ਦੇ ਏਡੀਸੀ ਸ਼ਹਿਰੀ ਵਿਕਾਸ ਸਕੱਤਰ ਸਿੰਘ ਬੱਲ ਨੂੰ ਜਾਂਚ ਸੌਂਪੀ ਗਈ ਹੈ। ਜਾਂਚ ਨੂੰ ਸ਼ੁਰੂ ਕਰਦਿਆਂ ਏਡੀਸੀ ਬੱਲ ਉਚੇਚੇ ਤੌਰ ' ਤੇ ਇੰਨ੍ਹਾਂ ਸਾਰੇ ਕੰਮਾਂ ਦੀ ਜਾਂਚ ਕਰਨ ਲਈ ਭਿੱਖੀਵਿੰਡ ਪਹੁੰਚੇ ਤੇ ਸਾਰੇ ਟੈਂਡਰਾਂ ਦੀਆਂ ਫਾਈਲਾਂ , ਸਬੰਧਤ ਅਧਿਕਾਰੀਆਂ ਅਤੇ ਸ਼ਿਕਾਇਤ ਕਰਤਾ ਨੂੰ ਮੌਕੇ ' ਤੇ ਬੁਲਾ ਕੇ ਸਾਰੇ ਕੰਮਾਂ ਦੀ ਬਰੀਕੀ ਨਾਲ ਜਾਂਚ ਕੀਤੀ।
ਸੂਤਰਾਂ ਦੀ ਮੰਨੀਏ ਤਾਂ ਇਸ ਜਾਂਚ ਦੌਰਾਨ ਟੈਂਡਰਾਂ ਵਿਚ ਕੁਝ ਕਮੀਆਂ ਸਾਹਮਣੇ ਆਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਕੰਮਾਂ ਦੇ ਜੋ ਟੈਂਡਰ ਲਗਾਏ ਗਏ ਸਨ , ਉਨ੍ਹਾਂ ਦੇ ਸਹੀ ਤਰੀਕੇ ਨਾਲ ਐਸਟੀਮੇਟ ਤੇ ਨਕਸ਼ੇ ਵੀ ਨਹੀਂ ਤਿਆਰ ਕੀਤੇ ਗਏ । ਖਾਸ ਕਰ ਕੇ ਪੂਹਲਾ ਰੋਡ ' ਤੇ ਸੀਵਰੇਜ ਜੋ ਕਿ ਟੈਂਡਰ ਹੋਣ ਤੋਂ ਪਹਿਲਾਂ ਦਾ ਹੀ ਪਿਆ ਹੋਇਆ ਹੈ ਤੋਂ ਇਲਾਵਾ ਗਲੀ ਨੰਬਰ 1 , 2 , 3 ਅਤੇ ਗਲੀ ਨੰਬਰ 4 ਸੱਜਾ ਪਾਸਾ ਲਿਖ ਕੇ ਦਰਸਾਇਆ ਗਿਆ ਸੀ । ਉਕਤ ਗਲੀਆਂ ਵਿੱਚ ਵਧੀਆ ਟਾਇਲਾਂ ਲੱਗੀਆਂ ਸਨ ਤੇ ਪਹਿਲਾਂ ਹੀ ਸ਼ੈਲਰ ਦੇ ਨਾਲ ਗਲੀ ਵਿਚ ਦੋ ਫੁੱਟ ਸੀਵਰੇਜ ਪਾਈਪ ਪਿਆ ਹੈ। ਜਦਕਿ ਨਵੇਂ ਟੈਂਡਰ ਵਿਚ ਇੱਕ ਫੁੱਟ ਪਾਈਪ ਦਾ ਸੀਵਰੇਜ ਤੇ 60 ਐੱਮਐੱਮ ਦੀ ਨਵੀਂ ਟਾਈਲ ਲਗਾਉਣ ਦੀ ਗੱਲ ਲਿਖੀ ਗਈ ਸੀ ।
ਉਕਤ ਜਾਣਕਾਰੀ ਮਿਲਦੇ ਹੀ ਏਡੀਸੀ ਸਕੱਤਰ ਸਿੰਘ ਬੱਲ ਨੇ ਸਬੰਧਤ ਜੇਈ ਨੂੰ ਵਾਰ ਵਾਰ ਪੁੱਛਿਆ ਕਿ ਜਦੋਂ ਪਹਿਲਾਂ ਹੀ ਵਧੀਆ ਟਾਈਲ ਲੱਗੀਆਂ ਹੋਈਆਂ ਹਨ ਅਤੇ ਸੀਵਰੇਜ ਮੌਜੂਦ ਹੈ ਤਾਂ ਨਵੀਂ ਟਾਈਲ ਲਾਉਣ ਦੀ ਕੀ ਲੋੜ ਹੈ। ਇਸ ਦੌਰਾਨ ਏਡੀਸੀ ਸਕੱਤਰ ਸਿੰਘ ਬੱਲ ਨੇ ਨਗਰ ਪੰਚਾਇਤ ਵੱਲੋਂ ਜਾਰੀ ਕੀਤੇ ਗਏ ਟੈਂਡਰਾਂ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਿਸੇ ਸ਼ਿਕਾਇਤ ਕਰਤਾ ਨੇ ਇਹ ਸ਼ਿਕਾਇਤ ਸਰਕਾਰ ਨੂੰ ਕੀਤੀ ਸੀ ।
ਸਰਕਾਰ ਦੇ ਹੁਕਮਾਂ ' ਤੇ ਉਹ ਪੜਤਾਲ ਕਰਨ ਲਈ ਭਿੱਖੀਵਿੰਡ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਕਾਫੀ ਕੰਮਾਂ ਦੀ ਪੜਤਾਲ ਕੀਤੀ ਹੈ ਅਤੇ ਜੇਈ ਵੱਲੋਂ ਬਣਾਏ ਗਏ ਐਸਟੀਮੇਟ ਲੈ ਲਏ ਗਏ ਹਨ , ਜਿਨ੍ਹਾਂ ਦੀ ਬਾਰੀਕੀ ਨਾਲ ਪੜਤਾਲ ਕਰਕੇ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਸ ਸਬੰਧੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ।
ਇਹ ਵੀ ਪੜ੍ਹੋ: ਪਿਓ ਪੁੱਤ ਦੀ ਲੜਾਈ ’ਚ ਚੱਲੀ ਗੋਲੀ, ਪੋਤੇ ਦੀ ਮੌਤ