ਤਰਨ ਤਾਰਨ: ਸੂਬੇ 'ਚ ਆਏ ਹੜ੍ਹ ਨੇ ਕਈ ਲੋਕਾਂ ਨੂੰ ਘਰ ਤੋਂ ਬੇਘਰ ਕੀਤਾ ਹੈ। ਕਈਆਂ ਦੀ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਅਤੇ ਹੋਰ ਕੀਮਤੀ ਵਸਤਾਂ ਵੀ ਇਸ ਹੜ੍ਹ ਦੀ ਭੇੜ ਚੜ੍ਹ ਗਈਆਂ। ਮਾਮਲਾ ਤਰਨ ਤਾਰਨ ਦੇ ਪਿੰਡ ਮੰਡ ਗਦਾਇਕੇ ਦਾ ਹੈ, ਜਿਥੇ ਸਤਲੁਜ ਦਰਿਆ ਦੇ ਪਾਣੀ ਨੇ ਗਰੀਬ ਪਰਿਵਾਰ ਦੇ ਸੁਫਨਿਆਂ ਨੂੰ ਚੂਰ ਚੂਰ ਕਰ ਦਿੱਤਾ। ਜਿਸ ਕਾਰਨ ਹੁਣ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਇਆ ਪਿਆ ਹੈ।
ਕੁਦਰਤ ਦੀ ਪਈ ਭਾਰੀ ਮਾਰ: ਦੱਸਿਆ ਜਾ ਰਿਹਾ ਕਿ ਸਤਲੁਜ ਦਰਿਆ 'ਚ ਆਏ ਹੜ੍ਹ ਦੇ ਪਾਣੀ ਨੇ ਗਰੀਬ ਦਾ ਘਰ ਢਹਿ ਢੇਰੀ ਕਰ ਦਿੱਤਾ ਅਤੇ ਨਾਲ ਹੀ ਜੋ ਦੋ ਕਿਲੇ ਜ਼ਮੀਨ 'ਤੇ ਖੇਤੀ ਕਰਦਾ ਸੀ ੳਹ ਵੀ ਪਾਣੀ ਦੀ ਮਾਰ ਹੇਠ ਆ ਗਈ। ਇਸ ਦੇ ਨਾਲ ਹੀ ਜਿੰਨਾਂ ਦੁਧਾਰੂ ਪਸ਼ੂਆਂ ਦੇ ਸਿਰ ਤੋਂ ਪਰਿਵਾਰ ਆਪਣਾ ਘਰ ਚਲਾ ਰਿਹਾ ਸੀ, ਉਹ ਵੀ ਹੜ੍ਹ ਦੇ ਪਾਣੀ 'ਚ ਸਤਲੁਜ ਦਰਿਆ ਆਪਣੇ ਨਾਲ ਹੜ੍ਹਾ ਲੈ ਗਿਆ। ਜਿਸ ਤੋਂ ਬਾਅਦ ਪਰਿਵਾਰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਰਾਤਾਂ ਕੱਟਣ ਲਈ ਮਜਬੂਰ ਹੈ ਅਤੇ ਹੁਣ ਮਦਦ ਲਈ ਗੁਹਾਰ ਲਗਾ ਰਿਹਾ ਹੈ।
ਪਾਣੀ ਨਾਲ ਡਿੱਗਿਆ ਘਰ: ਇਸ ਸਬੰਧੀ ਜਾਣਕਾਰੀ ਦਿੰਦੇ ਜਗੀਰ ਸਿੰਘ ਦੀ ਪਤਨੀ ਭਜਨ ਕੌਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਦੋ ਕਿੱਲੇ ਜ਼ਮੀਨ ਸੀ, ਜਿਸ ਵਿੱਚ ਉਨ੍ਹਾਂ ਨੇ ਝੋਨੇ ਦੀ ਫਸਲ ਬੀਜੀ ਹੋਈ ਸੀ ਅਤੇ ਕੁਝ ਦੁਧਾਰੂ ਪਸ਼ੂ ਸਨ, ਜਿਨ੍ਹਾਂ ਦਾ ਦੁੱਧ ਵੇਚ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਤਲੁਜ ਦਰਿਆ 'ਚ ਆਏ ਪਾਣੀ ਨੇ ਜਿੱਥੇ ਉਹਨਾਂ ਦੀ ਦੋ ਕਿੱਲੇ ਜਮੀਨ ਵਿੱਚ ਝੋਨੇ ਦੀ ਫਸਲ ਨੂੰ ਵੀ ਬਰਬਾਦ ਕਰ ਦਿੱਤਾ ਹੈ, ਉਥੇ ਹੀ ਇਸ ਪਾਣੀ ਨੇ ਉਨ੍ਹਾਂ ਦਾ ਘਰ ਵੀ ਢਹਿ-ਢੇਰੀ ਕਰ ਦਿੱਤਾ। ਭਜਨ ਕੌਰ ਨੇ ਦੱਸਿਆ ਕਿ ਉਸਦੇ ਦੋ ਲੜਕੇ ਅਤੇ ਇੱਕ ਲੜਕੀ ਹੈ ਅਤੇ ਸਾਰੇ ਪਰਿਵਾਰ ਦੇ ਨਾਲ ਉਹ ਗੁਰਦੁਆਰਾ ਸਾਹਿਬ ਵਿੱਚ ਰਹਿ ਕੇ ਆਪਣਾ ਗੁਜਾਰਾ ਕਰ ਰਹੇ ਹਨ।
ਹਾਲੇ ਵੀ ਘਰ ਕੋਲ ਚੱਲ ਰਿਹਾ ਪਾਣੀ: ਇਸ ਦੇ ਨਾਲ ਹੀ ਪੀੜਤ ਦੇ ਪੁੱਤ ਅਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਇੱਕ ਮਹੀਨੇ ਤੋਂ ਉਹਨਾਂ ਦੇ ਬੁਰੇ ਹਾਲਾਤ ਹਨ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹੁਣ ਤਾਂ ਉਹ ਰੋਟੀ ਤੋਂ ਵੀ ਅਵਾਚਾਰ ਹੋ ਚੁੱਕੇ ਹਨ, ਕਿਉਂਕਿ ਕਦੀ ਉਹ ਲੋਕਾਂ ਦੇ ਘਰਾਂ ਵਿੱਚੋਂ ਅਤੇ ਕਦੀ ਗੁਰਦੁਆਰਾ ਸਾਹਿਬ ਵਿੱਚੋਂ ਰੋਟੀ ਲਿਆ ਕੇ ਗੁਜ਼ਾਰਾ ਕਰ ਰਹੇ ਹਨ। ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਕੋਲ ਅਜੇ ਵੀ ਚਾਰ ਚਾਰ ਫੁੱਟ ਡੂੰਘਾ ਪਾਣੀ ਖੜ੍ਹਾ ਹੋਇਆ ਹੈ, ਜਿਸ ਕਰਕੇ ਉਹਨਾਂ ਨੂੰ ਆਪਣੇ ਘਰ ਵੱਲ ਨੂੰ ਜਾਂਦੇ ਸਮੇਂ ਆਪਣੀ ਜਾਨ ਜੋਖ਼ਮ ਵਿੱਚ ਪਾਉਣੀ ਪੈਂਦੀ ਹੈ।
ਪਿੰਡ ਵਾਸੀਆਂ ਕੀਤੀ ਮਦਦ ਦੀ ਅਪੀਲ: ਉਥੇ ਹੀ ਪਰਿਵਾਰ ਦੇ ਹੱਕ 'ਚ ਬੋਲਦੇ ਹੋਏ ਪਿੰਡ ਵਾਸੀ ਜਗਜੀਤ ਸਿੰਘ ਅਤੇ ਜਗਤਾਰ ਸਿੰਘ ਨੇ ਸਮਾਜ ਸੇਵੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜਗੀਰ ਸਿੰਘ ਦੇ ਪਰਿਵਾਰ ਦੇ ਹਾਲਾਤ ਬਹੁਤ ਹੀ ਜਿਆਦਾ ਬੁਰੇ ਹੋ ਚੁੱਕੇ ਹਨ ਅਤੇ ਉਸਦਾ ਘਰ ਵੀ ਢਹਿ ਢੇਰੀ ਹੋ ਗਿਆ ਹੈ।
ਪਰਿਵਾਰ ਕੋਲ ਬਚਿਆ ਖਸਤਾ ਹਾਲ ਇੱਕ ਕਮਰਾ: ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਕੋਲ ਇੱਕ ਕਮਰਾ ਹੀ ਬੱਚਿਆ ਹੈ। ਜੋ ਕਦੇ ਵੀ ਡਿੱਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵੀ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਜਿਸ ਕਰਕੇ ਇਹ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਹੈ। ਇਸ ਕਰਕੇ ਇਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਗਰੀਬ ਕਿਸਾਨ ਵੀ ਆਪਣੀ ਰੋਟੀ ਖਾ ਸਕਣ।