ਤਰਨ ਤਾਰਨ/ ਗੋਇੰਦਵਾਲ ਸਾਹਿਬ: ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿੱਖੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਕਾਰਨ ਪਿੰਡ ਦਾ ਗੰਦਾ ਪਾਣੀ ਦਰਿਆ ਵਿੱਚ ਪੈ ਰਿਹਾ ਹੈ। ਜਿਸ ਕਾਰਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੀ ਪਵਿੱਤਰ ਬਾਉਲੀ ਸਾਹਿਬ ਵਿੱਚ ਗੰਦੇ ਪਾਣੀ ਦੇ ਪੈਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਨਗਰ ਗੋਇੰਦਵਾਲ ਸਾਹਿਬ ਦੀ ਪੰਚਾਇਤ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਵੱਲੋਂ ਉਕਤ ਮੁਸ਼ਕਿਲ ਸੰਬਧੀ ਜਾਣੂ ਕਰਵਾਇਆ ਗਿਆ ਸੀ ਅਤੇ ਉਕਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਸੰਬਧੀ ਅੱਜ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਵੱਲੋਂ ਕਸਬੇ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਤੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਤੇ ਕੁਲਦੀਪ ਸਿੰਘ ਲਾਹੌਰੀਆ ਨੇ ਸੀਵਰੇਜ ਦੀ ਨਿਕਾਸੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਜਾਣੂ ਕਰਵਾਇਆ। ਉਪਰੰਤ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਨੇ ਨਗਰ ਦੀ ਪੰਚਾਇਤ ਨਾਲ ਵੱਖ-ਵੱਖ ਥਾਵਾਂ ਉੱਤੇ ਆਉਣ ਵਾਲੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦੇ ਸੀਵਰੇਜ ਸਿਸਟਮ ਦਾ ਕੰਮ ਬੜੇ ਲੰਬੇ ਸਮੇਂ ਤੋਂ ਰੁੱਕਿਆ ਹੋਇਆ ਹੈ ਅਤੇ ਸੀਵਰੇਜ ਲਾਇਨ ਪਾਉਣ ਵਿੱਚ ਮੁਸਕਿਲ ਆ ਰਹੀ ਹੈ। ਜਿਸ ਦਾ ਜਲਦੀ ਹੱਲ ਕਰ ਕੇ ਗੋਇੰਦਵਾਲ ਸਾਹਿਬ ਦਾ ਸੀਵਰੇਜ ਸਿਸਟਮ ਠੀਕ ਕਰ ਦਿੱਤਾ ਜਾਵੇਗਾ।