ਤਰਨਤਾਰਨ: ਤਹਿਸੀਲ ਕੰਪਲੈਕਸ ਖਡੂਰ ਸਾਹਿਬ ਵਿਖੇ ਕੁਝ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਸਰਕਾਰੀ ਅਧਕਾਰੀਆਂ ਨਾਲ ਮਿਲੀਭੁਗਤ ਕਰਕੇ ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਭੋਲੇ ਭਾਲੇ ਲੋਕਾਂ ਨੂੰ ਉਕਤ ਲੋਕਾਂ ਵਲੋਂ ਆਪਣੇ ਜਾਲ ਵਿੱਚ ਫਸਾ ਕੇ ਕੰਮ ਕਰਵਾਉਣ ਬਦਲੇ ਮੋਟੀ ਫੀਸ ਵਸੂਲ ਕੀਤੀ ਜਾਂਦੀ ਹੈ। ਇਸ ਸੰਬੰਧੀ ਗੋਇੰਦਵਾਲ ਸਾਹਿਬ ਪੁਲਿਸ ਵਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਆਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀਆਂ ਦੀ ਪਹਿਚਾਣ ਅਵਤਾਰ ਸਿੰਘ ਰੀਡਰ ਟੂ ਤਹਿਸੀਲਦਾਰ, ਕੁਲਬੀਰ ਸਿੰਘ ਅਸਟਾਮ ਫਰੋਸ਼, ਅਸ਼ੋਕ ਕੁਮਾਰ ਅਸ਼ੋਕ ਫੋਟੋ ਸਟੇਟ, ਸਰਵਣ ਸਿੰਘ ਕਰਮਚਾਰੀ ਸੇਵਾ ਕੇਂਦਰ ਦੇ ਤੌਰ ’ਤੇ ਹੋਈ ਹੈ।
ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ਦੇ ਬਾਹਰ ਬਣੀ ਅਸ਼ੋਕ ਫੋਟੋ ਸਟੇਟ ਦੁਕਾਨ ਦੇ ਮਾਲਕ ਵਲੋਂ ਦੇਰੀ ਨਾਲ ਵਿਆਹ ਰਜਿਸਟਰ ਕਰਵਾਉਣ ਲਈ ਨਕਲੀ ਦਸਤਾਵੇਜ਼ ਅਤੇ ਅਸਟਾਮ ਤਿਆਰ ਕੀਤੇ ਜਾਂਦੇ ਸਨ। ਪੰਜਾਬ ਮੈਰਿਜ ਐਕਟ ਅਨੁਸਾਰ ਨਿਰਧਾਰਤ ਸਮੇਂ ਤੋਂ ਬਾਅਦ ਮੈਰਿਜ ਰਜਿਸਟਰ ਕਰਵਾਉਣ ਲਈ ਲੇਟ ਫੀਸ ਨਾਲ ਹੋਰ ਦਸਤਾਵੇਜ਼ ਅਤੇ ਕੋਰਟ ਫੀਸ ਦੇ ਰੂਪ ਵਿੱਚ ਅਸਟਾਮ ਲੱਗਦੇ ਹਨ, ਜਿਸਨੂੰ ਅਸ਼ੋਕ ਕੁਮਾਰ ਵਲੋਂ ਫਰਜ਼ੀ ਅਸਟਾਮ ਤਿਆਰ ਕਰਕੇ ਫਾਈਲ ਬਣਾ ਕੇ ਸੇਵਾ ਕੇਂਦਰ ਦੇ ਮੁਲਾਜ਼ਿਮ ਸਰਵਨ ਸਿੰਘ ਰਾਹੀਂ ਤਹਿਸੀਲਦਾਰ ਨੂੰ ਭੇਜ ਦਿੱਤੀ ਜਾਂਦੀ ਸੀ। ਇਥੇ ਤਹਿਸੀਲਦਾਰ ਦਾ ਰੀਡਰ ਅਵਤਾਰ ਸਿੰਘ ਉਕਤ ਫਾਈਲ ਨੂੰ ਪਾਸ ਕਰਦਾ ਸੀ। ਉਕਤ ਦੋਸ਼ੀਆਂ ਵਲੋਂ ਗਲਤ ਤਰੀਕੇ ਨਾਲ ਲੱਗੇ ਹੋਏ ਅਸਟਾਮ ਦੁਆਰਾ ਵਰਤੇ ਜਾਂਦੇ ਸਨ।
ਇਹ ਵੀ ਪੜ੍ਹੋ:ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਵਿਦੇਸ਼ ਯਾਤਰਾ ਤੇ ਬੰਗਲਾਦੇਸ਼ ਜਾਣਗੇ ਪ੍ਰਧਾਨ ਮੰਤਰੀ ਮੋਦੀ
ਉਕਤ ਫਰਜੀਵਾੜੇ ਦੀ ਜਾਣਕਾਰੀ ਮਿਲਣ 'ਤੇ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਵਲੋ ਸੁਪਰਡੈਂਟ ਗ੍ਰੇਡ 1 ਨੂੰ ਮਾਮਲੇ ਦੀ ਪੜਤਾਲ ਕਰਨ ਦੀ ਹਦਾਇਤ ਕੀਤੀ ਗਈ। ਉਕਤ ਪੜਤਾਲ ਦੌਰਾਨ ਪਿਛਲੀ ਤਰੀਕ 'ਚ ਅਸਟਾਮ ਬਣਵਾਉਣ ਅਤੇ ਦਸਤਾਵੇਜ ਨੂੰ ਖੁਰਦ-ਬੁਰਦ ਕਰਕੇ ਰਿਕਾਰਡ ’ਚ ਹੇਰਾ ਫੇਰੀ ਕੀਤੀ ਗਈ, ਜਿਸ ਸੰਬੰਧੀ ਪੜਤਾਲ ਤੋਂ ਬਾਅਦ ਪੁਲਸ ਵਲੋਂ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ