ਤਰਨ ਤਾਰਨ: ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਥਾਣਾ ਵਲਟੋਹਾ ਦੀ ਪੁਲਿਸ ਨੇ ਅਮਰਕੋਟ ਤੋਂ ਦੋ ਵਿਅਕਤੀਆਂ ਨੂੰ ਕਰਫਿਊ ਦੌਰਾਨ ਘੁੰਮਦੇ ਹੋਇਆਂ ਨੂੰ ਗ੍ਰਿਫ਼ਤਾਰ ਕਰ ਕੇ ਅਦਰਸ਼ ਸਕੂਲ ਵਲਟੋਹਾ ਵਿਖੇ ਇਕਾਂਤਵਾਸ ਕਰ ਦਿੱਤਾ ਗਿਆ ਸੀ।
ਇਨ੍ਹਾਂ ਦੀ ਸੁਰੱਖਿਆ ਵੀ ਥਾਣਾ ਵਲਟੋਹਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਢਾਈ ਮਹੀਨੇ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ।
ਸਕੂਲ ਦੇ ਮਾਲੀ ਅਤੇ ਸੁਰੱਖਿਆ ਡਿਊਟੀ ਨਿਭਾ ਰਹੇ ਮੁਲਾਜ਼ਮ ਨੇ ਦੱਸਿਆ ਕਿ ਅੱਤ ਦੀ ਗਰਮੀ ਵਿੱਚ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਇੱਕ ਹੀ ਕਮਰੇ ਵਿਚ ਇਕਾਂਤਵਸ ਕਰਕੇ ਰੱਖਿਆ ਹੋਇਆ ਹੈ। ਤੇ ਉਹ ਇਨ੍ਹਾਂ ਨੂੰ ਆਪਣੇ ਕੋਲੋਂ ਚਾਹ ਬਿਸਕੁਟ ਤੇ ਖਾਣਾ ਖਵਾ ਰਹੇ ਹਨ।
ਉਨਾਂ ਦੱਸਿਆ ਕਿ ਦੋਵਾਂ ਦੀ ਦਿਮਾਗ਼ੀ ਹਾਲਤ ਵੀ ਠੀਕ ਨਹੀਂ ਜਿਸ ਲਈ ਇਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ।
ਇਸ ਸਬੰਧੀ ਜਦੋਂ ਡੀਐੱਸਪੀ ਭਿਖੀਵਿੰਡ ਰਾਜਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਰਫਿਊ ਦੌਰਾਨ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਇਨ੍ਹਾਂ ਦੋਵਾਂ ਕੋਲੋ ਇਨ੍ਹਾਂ ਦਾ ਕੋਈ ਪਹਿਚਾਣ ਪੱਤਰ ਨਹੀਂ ਮਿਲਿਆ।
ਉਨਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਰਿਹਾਈ ਵਾਸਤੇ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਅਤੇ ਹੁਣ ਦੁਬਾਰਾ ਫਿਰ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਲਿਖ ਕੇ ਭੇਜਿਆ ਜਾਵੇਗਾ। ਜੋ ਵੀ ਉਨ੍ਹਾਂ ਵਲੋਂ ਹੁਕਮ ਪ੍ਰਾਪਤ ਹੋਵੇਗਾ ਉਸ ਮੁਤਾਬਕ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ