ਤਰਨ ਤਾਰਨ: ਪੰਜਾਬ ਵਿਚਲੇ ਕਾਲੇ ਦੌਰ ਵਿੱਚ ਅੱਤਵਾਦੀਆਂ ਨਾਲ ਸਖ਼ਤ ਮੁਕਾਬਾਲਾ ਕਰਨ ਸ਼ੌਰਿਆਂ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ 16 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਪਾਰਟੀ ਦੇ ਕਾਰਕੁੰਨਾਂ ਅਤੇ ਸੱਜਣ ਸਨੇਹੀਆਂ ਵੱਲੋਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿੱਚ ਕਾਮਰੇਡ ਬਲਵਿੰਦਰ ਦਾ ਅੰਤਿਮ ਸਸਕਾਰ ਨਾਅਰਿਆਂ ਦੀ ਗੂੰਜ ਵਿੱਚ ਕੀਤਾ ਗਿਆ।
ਪਹਿਲਾਂ ਪਰਿਵਾਰ ਨੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਕਾਮਰੇਡ ਦਾ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਗਈ ਸੀ। ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਪਰਿਵਾਰ ਅੰਤਿਮ ਸਸਕਾਰ ਕਰਨ ਲਈ ਰਾਜੀ ਹੋਇਆ।
ਐਸਡੀਐਮ ਰਾਜੇਸ਼ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਹੈ ਅਤੇ ਪਰਿਵਾਰ ਲਈ 3 ਸੁਰੱਖਿਆ ਕਰਮੀ ਵੀ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਬਾਕੀ ਪਰਿਵਾਰ ਦੀਆਂ ਮੰਗ ਨੂੰ ਵੀ ਕਾਨੂੰਨ ਅਨੁਸਾਰ ਹੱਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਆਰਐਮਪੀਆਈ, ਸੀਪੀਆਈ (ਐਮ), ਸੀਪੀਆਈ , ਕਾਂਗਰਸ, ਅਕਾਲੀ ਦਲ ਅਤੇ 'ਆਪ' ਸਮੇਤ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਕਾਮਰੇਡ ਬਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਚੱਲੀ ਵੱਖਵਾਦ ਦੀ ਫਿਰਕੂ ਲਹਿਰ ਦੌਰਾਨ ਕਾਮਰੇਡ ਬਲਵਿੰਦਰ ਅਤੇ ਉਨ੍ਹਾਂ ਦਾ ਪਰਿਵਾਰ ਡੱਟ ਕੇ ਇਸ ਲਹਿਰ ਵਿਰੁੱਧ ਲੜਿਆ ਸੀ। ਇਸ ਦੌਰਾਨ ਪਰਿਵਾਰ 'ਤੇ ਅਨੇਕਾਂ ਹਮਲੇ ਹੋ ਚੁੱਕੇ ਹਨ। ਬਲਵਿੰਦਰ ਸਿੰਘ 'ਤੇ ਹੁਣ ਤੱਕ 42 ਜਾਨਲੇਵਾ ਹਮਲੇ ਹੋਏ ਹਨ। ਇਸ ਦੌਰਾਨ ਭਾਰਤ ਸਰਕਾਰ ਨੇ ਪਰਿਵਾਰ ਨੂੰ ਇਸ ਬਹਾਦਰੀ ਲਈ ਸ਼ੌਰਿਆ ਚੱਕਰ ਨਾਲ ਵੀ ਸਨਮਾਨਿਤ ਕੀਤਾ ਸੀ।