ਤਰਨ ਤਾਰਨ: ਪੰਜਾਬ ਪੁਲਿਸ ਵਲੋਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਖਾਸਤੌਰ 'ਤੇ ਸਰਹੱਦੀ ਇਲਾਕੇ ਤਰਨ ਤਾਰਨ 'ਚ ਪੁਲਿਸ ਵਲੋਂ ਜਿਥੇ ਨਸ਼ੇ ਅਤੇ ਡਰੋਨ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਉਥੇ ਹੀ ਅਣਸੁਖਾਵੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਭਿੱਖੀਵਿੰਡ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਵਲੋਂ ਗਸ਼ਤ ਦੌਰਾਨ ਤਿੰਨ ਸ਼ਰਾਰਤੀ ਅਨਸਰ ਕਾਬੂ ਕੀਤੇ ਗਏ, ਜਿੰਨ੍ਹਾਂ ਕੋਲੋਂ ਇੱਕ ਪਿਸਤੌਲ 32 ਬੋਰ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ।(Tarn Taran Crime News)
ਮਾੜੇ ਅਨਸਰਾਂ ਖਿਲਾਫ਼ ਪੁਲਿਸ ਦੀ ਮੁਹਿੰਮ: ਇਸ ਸਬੰਧੀ ਜਾਣਕਾਰੀ ਦਿੰਦਿਆਂ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸਐਸਪੀ ਤਰਨਤਾਰਨ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ 'ਤੇ ਜ਼ਿਲ੍ਹਾ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਜਿਸ 'ਚ ਬੀਤੇ ਦਿਨੀਂ ਏਐਸਆਈ ਵੇਦ ਪ੍ਰਕਾਸ਼ ਦੀ ਟੀਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਹ ਗਸ਼ਤ ਕਰ ਰਹੇ ਸੀ ਤਾਂ ਮੋਟਰਸਾਈਕਲ 'ਤੇ ਆ ਰਹੇ ਤਿੰਨ ਨੌਜਵਾਨ ਪੁਲਿਸ ਦੀ ਗੱਡੀ ਦੇਖ ਕੇ ਯੂ ਟਰਨ ਲੈਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।
ਮਾਰੂ ਹਥਿਆਰਾਂ ਸਣੇ ਤਿੰਨ ਕਾਬੂ: ਇਸ ਦੇ ਨਾਲ ਹੀ ਡੀਐੱਸਪੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਉਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਸ ਦੌਰਾਨ ਇੰਨ੍ਹਾਂ ਹੈਡ ਕਾਂਸਟੇਬਲ ਸੰਦੀਪ ਸਿੰਘ ਦੀ ਨਿੱਜੀ ਗੱਡੀ 'ਚ ਮੋਟਰਸਾਈਕਲ ਮਾਰਿਆ, ਜਿਸ ਤੋਂ ਬਾਅਦ ਇਹ ਉਥੇ ਹੀ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋਣ ਲੱਗੇ, ਜਿੰਨ੍ਹਾਂ ਨੂੰ ਪੁਲਿਸ ਪਾਰਟੀ ਨੇ ਸਖ਼ਤ ਮਿਹਨਤ ਤੋਂ ਬਾਅਦ ਕਾਬੂ ਕਰ ਲਿਆ। ਡੀਐੱਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਮੋਟਰਸਾਈਕਲ ਚੋਰੀ ਦਾ ਹੈ ਅਤੇ ਮੁਲਜ਼ਮਾਂ ਕੋਲੋਂ ਇੱਕ 32 ਬੋਰ ਪਿਸਟਲ ਅਤੇ ਦਾਤਰ ਵਰਗੇ ਮਾਰੂ ਹਥਿਆਰ ਬਰਾਮਦ ਹੋਏ।
- Inderjit Nikku: ਵੀਡੀਓ ਸਾਂਝੀ ਕਰਕੇ ਆਪਣੀ ਮੌਤ ਦੀ ਅਫ਼ਵਾਹ 'ਤੇ ਬੋਲੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ, ਕਿਹਾ-ਮੈਂ ਬਿਲਕੁੱਲ ਠੀਕ ਹਾਂ
- Former Finance Minister Manpreet Singh Badal : ਸੰਮਨ ਭੇਜੇ ਜਾਣ ਦੇ ਬਾਵਜੂਦ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
- Process of Seizure of Properties: ਨਸ਼ੇ ਦੇ ਵਪਾਰੀਆਂ 'ਤੇ ਚੱਲਿਆ ਪੁਲਸੀਆ ਡੰਡਾ, ਲੱਖਾਂ ਰੁਪਏ ਦੀ ਜਾਇਦਾਦ ਕੀਤੀ ਫਰੀਜ
ਪਹਿਲਾਂ ਵੀ ਕਈ ਮਾਮਲੇ ਦਰਜ: ਇਸ ਸਬੰਧੀ ਡੀਐੱਸਪੀ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਤਿੰਨਾਂ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਕੇਸ ਕੁਮਾਰ ਵਾਸੀ ਕਸਬਾ ਕੁੱਲਾ ਥਾਣਾ ਕੱਚਾ ਪੱਕਾ ਵਜੋਂ ਹੋਈ ਹੈ। ਜਿੰਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿੰਨ੍ਹਾਂ ਦੀ ਭਾਲ ਪੁਲਿਸ ਨੂੰ ਕਾਫ਼ੀ ਸਮੇਂ ਤੋਂ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਸਤੌਲ ਨਾਲ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਸੀ, ਜਿੰਨ੍ਹਾਂ ਨੂੰ ਸਮਾਂ ਰਹਿੰਦੇ ਹੀ ਕਾਬੂ ਕਰ ਲਿਆ ਹੈ ਅਤੇ ਹੋਰ ਵੀ ਖੁਲਾਸੇ ਇਨ੍ਹਾਂ ਤੋਂ ਹੋਣ ਦੀ ਉਮੀਦ ਹੈ।