ਤਰਨ ਤਾਰਨ: ਜ਼ਿਲ੍ਹੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਵਿਖੇ ਭਾਈ ਨੱਥਾ ਭਾਈ ਅਬਦੁੱਲਾ ਜੀ ਢਾਡੀ ਸਭਾ ਦੀ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਰੀਬ 12000 ਪੰਜਾਬ, ਹਰਿਆਣਾ ਤੇ ਯੂਪੀ ਦੇ ਕਵੀਸ਼ਰਾਂ, ਢਾਡੀ, ਗ੍ਰੰਥੀਆਂ ਦਾ ਭਵਿੱਖ ਖ਼ਤਰੇ ਵਿੱਚ ਦੱਸਿਆ ਗਿਆ।
ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਭਾਰੀ ਇਕੱਠ ਨਾ ਕਰਨ 'ਤੇ ਪਾਬੰਦੀ ਲਾਈ ਹੈ। ਇਸ ਦੌਰਾਨ ਗੁਰ ਘਰਾਂ ਵਿੱਚ ਲੱਗਣ ਵਾਲੇ ਦੀਵਾਨ, ਧਾਰਮਿਕ ਸਮਾਗਮ ਬੰਦ ਹੋਣ ਕਰਕੇ ਢਾਡੀ, ਕਵੀਸ਼ਰਾਂ ਅਤੇ ਗ੍ਰੰਥੀਆਂ ਦੀ ਆਮਦਨ ਬੰਦ ਹੋ ਗਈ ਹੈ। ਇਸ ਕਰਕੇ ਪੰਜਾਬ, ਹਰਿਆਣਾ, ਯੂਪੀ ਦੇ 12000 ਢਾਡੀ, ਕਵੀਸ਼ਰਾਂ ਤੇ ਗ੍ਰੰਥੀਆਂ ਦੀ ਪੰਜਾਬ ਸਰਕਾਰ ਤੇ ਐੱਸਜੀਪੀਸੀ ਵੱਲੋਂ ਸਾਰ ਨਹੀਂ ਲਈ ਗਈ।
ਇਸ ਕਰਕੇ ਉਨ੍ਹਾਂ ਨੇ ਆਪਣਾ ਭਵਿੱਖ ਖ਼ਤਰੇ ਵਿਚ ਦੱਸਦਿਆਂ ਕਿਹਾ ਕਿ ਸਰਕਾਰ ਨੇ ਹਰ ਕਾਰੋਬਾਰ ਨੂੰ ਹੋਲੀ-ਹੋਲੀ ਖੋਲ੍ਹ ਦਿੱਤਾ ਹੈ ਪਰ ਧਾਰਮਿਕ ਅਸਥਾਨਾਂ 'ਤੇ ਲੱਗਣ ਵਾਲੇ ਦੀਵਾਨ ਹਾਲੇ ਵੀ ਬੰਦ ਹਨ। ਉਹ ਵੀ ਖੋਲ੍ਹ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਪਿਛਲੇ 6 ਮਹੀਨੇ ਤੋਂ ਇਹ ਢਾਡੀ, ਕਵੀਸ਼ਰਾਂ ਜਾਂ ਗ੍ਰੰਥੀ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹਨ ਜਿਸ ਸਬੰਧੀ ਉਨ੍ਹਾਂ ਦੀ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਸਾਰ ਨਹੀਂ ਲਈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਦੀਵਾਨ ਲਗਾਏ ਜਾਣ ਦੀ ਸਹਿਮਤੀ ਦੇ ਚੁੱਕੇ ਹਨ। ਇਸ ਲਈ ਸਰਕਾਰ ਨੂੰ ਵੀ ਦੀਵਾਨ ਲਗਾਏ ਜਾਣ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਇਸ ਮੌਕੇ ਭਾਈ ਲਖਮੀਰ ਸਿੰਘ ਕਾਹਲਵਾਂ, ਭਾਈ ਮਲਕੀਤ ਸਿੰਘ ਅਤੇ ਕਵੀਸ਼ਰ ਨਿਰਮਲ ਸਿੰਘ ਨੂਰ ਨੇ ਦਸਿਆ ਕਿ ਅੱਜ ਭਾਈ ਨੱਥਾ ਸਿੰਘ ਭਾਈ ਅਬਦੁੱਲਾ ਸਿੰਘ ਸਭਾ ਵੱਲੋਂ ਬੇਨਤੀ ਕਰਨ ਲਈ ਇਕੱਠ ਕੀਤਾ ਗਿਆ ਹੈ ਕਿ ਸਾਡੀ ਕੋਈ ਮਾਲੀ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕੁਝ ਸਭਾ ਸੁਸਾਇਟੀਆਂ ਜਾਂ ਐਨਆਰਆਈ ਵੀਰਾਂ ਵਲੋ ਉਨ੍ਹਾਂ ਦੀ ਕੁਝ ਸਹਾਇਤਾ ਕੀਤੀ ਗਈ। ਉਹ ਗੁਰੂ ਘਰਾਂ ਵਿੱਚ ਧਰਮ ਦਾ ਪ੍ਰਚਾਰ ਕਰਦੇ ਹਨ। ਇਹ ਪਰੰਪਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ। ਇਸ ਲਈ ਸਰਕਾਰ ਅਤੇ ਐੱਸਜੀਪੀਸੀ ਧਾਰਮਿਕ ਸਮਾਗਮਾਂ ਅਤੇ ਹੋਰਨਾਂ ਜੋੜ ਮੇਲਿਆਂ ਵਿੱਚ ਦੀਵਾਨ ਲਗਾਉਣ ਦੀ ਪ੍ਰਵਾਨਗੀ ਦੇਣ ਤਾਂ ਜੋ 12000 ਢਾਡੀ, ਕਵੀਸ਼ਰਾਂ ਅਤੇ ਗ੍ਰੰਥੀਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ।