ਤਰਨਤਾਰਨ: ਪਿੰਡ ਕਾਲੇਕੇ ਉਤਾੜ ਦੇ ਸਰਪੰਚ ਬਲਕਾਰ ਸਿੰਘ ਦੇ ਭਤੀਜੇ ਵਰਿੰਦਰਪਾਲ ਸਿੰਘ ਉਮਰ 26 ਸਾਲ ਪੁੱਤਰ ਨਿਰਵੈਲ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਵਰਿੰਦਰਪਾਲ ਸਿੰਘ ਦੀ ਮਾਂ ਰਾਜ ਕੌਰ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਦਾ ਪੁੱਤ ਅਮਰੀਕਾ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ।
ਟਰੱਕ ਚਲਾਉਂਦੇ ਸਮੇਂ ਪਿਆ ਦਿਲ ਦਾ ਦੌਰਾ: ਵਰਿੰਦਰਪਾਲ ਸਿੰਘ ਅਮਰੀਕਾ ਵਿੱਚ ਟਰੱਕ ਚਲਾਉਂਦਾ ਸੀ ਅਤੇ ਮਿਤੀ 30 ਜੂਨ ਨੂੰ ਅਚਾਨਕ ਟਰੱਕ ਚਲਾਉਂਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਵਰਿੰਦਰਪਾਲ ਸਿੰਘ ਦੀ ਟਰੱਕ ਵਿੱਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ ਕੰਪਨੀ ਵਿੱਚੋਂ ਪਰਿਵਾਰ ਨੂੰ ਫੋਨ ਆਇਆ ਕਿ ਵਰਿੰਦਰਪਾਲ ਸਿੰਘ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮ੍ਰਿਤਕ ਵਰਿੰਦਰਪਾਲ ਸਿੰਘ ਦੇ ਜੀਜੇ ਨਵਦੀਪ ਸਿੰਘ, ਜੋ ਕਿ ਅਮਰੀਕਾ ਵਿੱਚ ਹੀ ਰਹਿੰਦਾ ਸੀ, ਦੀ ਕਰੀਬ 8 ਮਹੀਨੇ ਪਹਿਲਾਂ ਮੌਤ ਹੋ ਗਈ ਸੀ।
ਪਰਿਵਾਰ ਦੇ ਪੰਜਾਬ ਤੇ ਕੇਂਦਰ ਸਰਕਾਰ ਕੋਲ ਮੰਗ: ਮ੍ਰਿਤਕ ਨੌਜਵਾਨ ਵਰਿੰਦਰਪਾਲ ਸਿੰਘ ਦੀ ਮਾਂ ਰਾਜ ਕੌਰ, ਮ੍ਰਿਤਕ ਭਰਾ ਜਸਵਿੰਦਰ ਸਿੰਘ, ਮ੍ਰਿਤਕ ਦੇ ਤਾਏ ਬਲਕਾਰ ਸਿੰਘ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਐਨਆਰਆਈ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਾਈ ਹੈ। ਪਰਿਵਾਰ ਨੇ ਅਪੀਲ ਕੀਤੀ ਹੈ ਕਿ ਵਰਿੰਦਰਪਾਲ ਸਿੰਘ ਦੀ ਲਾਸ਼ ਵਾਪਿਸ ਇੰਡੀਆ ਲਿਆਂਦੀ ਜਾਵੇ, ਤਾਂ ਜੋ ਉਹ ਆਖਰੀ ਵਾਰ ਵਰਿੰਦਰਪਾਲ ਸਿੰਘ ਨੂੰ ਵੇਖ ਸਕਣ।
ਪਰਿਵਾਰ ਨੇ ਦੱਸਿਆ ਕਿ ਉਸ ਦੀ ਉਮਰ ਵੀ ਅਜੇ ਕਾਫੀ ਛੋਟੀ ਸੀ। ਪਰਿਵਾਰ ਦੇ ਹੱਥਾਂ ਵਿੱਚ ਪਲਿਆ ਹੈ। ਪੁੱਤਰ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੀ ਇਹੋ ਮੰਗ ਹੈ ਕਿ ਉਸ ਦੇ ਪੁੱਤ ਦੀ ਲਾਸ਼ ਵਾਪਸ ਆ ਜਾਵੇ, ਤਾਂ ਕਿ ਉਸ ਨੂੰ ਗੱਲ ਨਾਲ ਲਾ ਸਕੇ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੀਜੇ ਦੀ ਮੌਤ ਵੀ ਵਿਦੇਸ਼ ਵਿੱਚ ਹੋਈ ਸੀ ਜਿਸ ਲਾਸ਼ ਭਾਰਤ ਨਹੀਂ ਆਈ ਸੀ।