ਸ੍ਰੀ ਮੁਕਤਸਰ ਸਾਹਿਬ/ ਮਲੋਟ: ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦੇ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਹਰ ਰੋਜ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਿੰਡਾਂ 'ਚ ਮੋਬਾਇਲ ਵੈਨਾਂ ਰਾਹੀਂ ਟੈਸਟ ਸ਼ੁਰੂ ਕੀਤੇ ਗਏ ਹਨ। ਇਸ ਦੌਰਾਨ ਪਿੰਡ ਭੁੱਟੀਵਾਲਾ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਪਿੰਡ ਭੁੱਟੀਵਾਲਾ ਵਿਖੇ ਕੋਰੋਨਾ ਸਬੰਧੀ ਸੈਂਪਲ ਜਾਂਚ ਕਰਨ ਆਈਆਂ ਟੀਮਾਂ ਦਾ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪਿੰਡ ਭੁੱਟੀਵਾਲਾ ਦੇ ਕਰਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦਾ ਸਰਕਾਰ ਅਤੇ ਹਸਪਤਾਲ ਦੇ ਪ੍ਰਸ਼ਾਸਨ ਤੋਂ ਭਰੋਸਾ ਉੱਠ ਚੁੱਕਿਆ ਹੈ ਜਿਸ ਕਾਰਨ ਹੁੁਣ ਉਹ ਕੋਰੋਨਾ ਟੈਸਟ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਜਾਣ ਬੁੱਝ ਕੇ ਬਾਕੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਲੋਕਾਂ 'ਚ ਕੋਰੋਨਾ ਦਾ ਖ਼ੌਫ ਫੈਲਾ ਰਹੀ ਹੈ। ਉਨ੍ਹਾਂ ਕੋਰੋਨਾ ਟੈਸਟਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਟੈਸਟ ਕਾਰਨ ਆਪਸੀ ਭਾਈਚਾਰੇ 'ਚ ਦੂਰੀ ਪੈਦਾ ਹੋ ਰਹੀ ਹੈ ਅਤੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਰਿਹਾ ਹੈ। ਕਰਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਲਿਖਤੀ ਫ਼ੈਸਲਾ ਲਿਆ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ 'ਚ ਕੋਰੋਨਾ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਉਹ ਟੈਸਟ ਕਰਵਾਉਣ ਦਾ ਜ਼ਿੰਮੇਵਾਰ ਖ਼ੁਦ ਹੋਵੇਗਾ।
ਜ਼ਿਕਰਯੋਗ ਹੈ ਕਿ ਕੋਰੋਨਾ ਟੈਸਟ ਨੂੰ ਲੈ ਕੇ ਲਗਾਤਾਰ ਆ ਰਹੀਆਂ ਖ਼ਬਰਾਂ ਨਾਲ ਲੋਕਾਂ ਦਾ ਹਸਪਤਾਲਾਂ ਅਤੇ ਟੈਸਟਾਂ ਤੋਂ ਭਰੋਸਾ ਉੱਠਣਾ ਲਾਜ਼ਮੀ ਹੈ। ਇਸ ਲਈ ਸਰਕਾਰ ਨੂੰ ਲੋੜ ਹੈ ਕਿ ਉਹ ਸੁੱਚਜੇ ਪ੍ਰਬੰਧ ਕਰੇ ਤਾਂ ਜੋ ਲੋਕਾਂ 'ਚ ਟੈਸਟ ਕਰਵਾਉਣ ਨੂੰ ਲੈ ਕੇ ਕੋਈ ਭੰਬਲਭੂਸਾ ਨਾ ਰਹੇ।