ਸ੍ਰੀ ਮੁਕਤਸਰ ਸਾਹਿਬ : ਮਲੋਟ ਬਲਾਕ ਦੇ ਪਿੰਡ ਪੰਨੀਵਾਲਾ ਵਿਖੇ ਦੁਬਈ ਤੋਂ ਵਾਪਸ ਪਰਤੇ ਇਕ ਵਿਅਕਤੀ ਨੇ ਆਪਣੇ ਸਹੁਰੇ ਘਰ ਜਾ ਕੇ ਸਹੁਰਾ ਪਰਿਵਾਰ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਵਿਅਕਤੀ ਦੇ ਹਮਲੇ ਵਿਚ ਸਹੁਰਾ ਪਰਿਵਾਰ ਦੇ ਪੰਜ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋ ਜਣਿਆਂ ਦੀ ਜ਼ੇਰੇ-ਇਲਾਜ ਮੌਤ ਹੋ ਗਈ। ਮ੍ਰਿਤਕਾਂ ਵਿਚ ਵਿਅਕਤੀ ਦੀ ਚਾਚੇ ਸਹੁਰੇ ਦਾ ਲੜਕਾ ਤੇ ਉਸ ਦਾ ਸਹੁਰਾ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਰਮਨਦੀਪ ਕੌਰ ਪੁੱਤਰੀ ਤਰਸੇਮ ਸਿੰਘ ਦਾ ਵਿਆਹ 2 ਸਾਲ ਪਹਿਲਾਂ ਬਲਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਗਰੂਪ ਸਿੰਘ ਵਾਸੀ ਗੁਰੂਸਰ ਮੋਡੀਆ ਨਾਲ ਹੋਇਆ ਸੀ। ਬਲਜਿੰਦਰ ਸਿੰਘ ਡੇਢ ਸਾਲ ਪਹਿਲਾਂ ਦੁਬਈ ਚਲਾ ਗਿਆ। ਰਮਨਦੀਪ ਕੌਰ ਵਾਪਸ ਪੇਕੇ ਪੰਨੀਵਾਲਾ ਫੱਤਾ ਆ ਗਈ ਜਿਥੇ ਉਸਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਬਲਜਿੰਦਰ ਸਿੰਘ ਦਾ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਨਾਲ ਤਕਰਾਰ ਚੱਲਦਾ ਰਿਹਾ। ਅੱਜ ਡੇਢ ਸਾਲ ਬਾਅਦ ਬਲਜਿੰਦਰ ਸਿੰਘ ਦੁਬਈ ਤੋਂ ਵਾਪਸ ਸਿੱਧਾ ਆਪਣੇ ਪੰਨੀਵਾਲਾ ਸਹੁਰੇ ਘਰ 11 ਵਜੇ ਪੁੱਜਾ। ਜਿਥੇ ਉਸਦਾ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ। ਝਗੜੇ ਦੌਰਾਨ ਬਲਜਿੰਦਰ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਆਪਣੇ ਸਹੁਰੇ ਤਰਸੇਮ ਸਿੰਘ ਉਰਫ ਗੱਜਣ ਸਿੰਘ, ਘਰ ਵਾਲੀ ਦੇ ਚਾਚੇ ਦੇ ਲੜਕੇ ਨਰਿੰਦਰ ਸਿੰਘ ਮੋਨੂੰ ਨੂੰ ਜ਼ਖਮੀ ਕਰ ਦਿੱਤਾ ਜਿਨ੍ਹਾਂ ਦੀ ਹਸਪਤਾਲ ਜਾਕੇ ਮੌਤ ਹੋ ਗਈ।
ਇਹ ਵੀ ਪੜ੍ਹੋ : Operation Eagle 2 ਦੌਰਾਨ 76 ਐਫਆਈਆਰ ਦਰਜ, 91 ਵਿਅਕਤੀ ਗ੍ਰਿਫ਼ਤਾਰ
ਝਗੜੇ ਵਿਚ ਉਸਨੇ ਰਵਿੰਦਰ ਸਿੰਘ, ਚਾਚੀ ਸੱਸ ਰਛਪਾਲ ਕੌਰ ਅਤੇ ਚਾਚਾ ਸਹੁਰਾ ਗੁਰਪਾਲ ਸਿੰਘ ਵੀ ਜ਼ਖ਼ਮੀ ਹੋ ਗਿਆ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਪ੍ਰੇਮ ਸਿੰਘ ਪੁੱਤਰ ਸ਼ਬੇਗ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਅਤੇ ਪੁੱਤਰ ਦੇੇ ਕਤਲ ਦੇ ਦੋਸ਼ੀ ਬਲਜਿੰਦਰ ਸਿੰਘ ਨੂੰ ਉਸਦੀ ਭੈਣ ਸੁਖਵਿੰਦਰ ਕੌਰ ਅਤੇ ਜੀਜੇ ਗੁਰਚਰਨ ਸਿੰਘ ਨੇ ਵੀ ਸ਼ਹਿ ਦਿੱਤੀ ਸੀ। ਪੁਲਸ ਵੱਲੋਂ ਇਸ ਮਾਮਲੇ ਵਿਚ ਤਿੰਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਅਰੰਭ ਕਰ ਦਿੱਤੀ ਗਈ ਹੈ। ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਦੌਰਾਨ ਗੱਲਬਾਤ ਕਰਦਿਆਂ ਮੁਲਜ਼ਮ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਪਤੀ ਅਕਸਰ ਹੀ ਫੋਨ ਉਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਰਮਨਦੀਪ ਅਨੁਸਾਰ ਬਲਜਿੰਦਰ ਸਿੰਘ ਵੱਲੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ। ਇਸ ਨੂੰ ਲੈ ਕੇ ਲਗਾਤਾਰ ਝਗੜਾ ਤੇ ਤਕਰਾਰ ਰਹਿੰਦੀ ਸੀ ਤੇ ਕੱਲ੍ਹ ਜਦੋਂ ਉਹ ਦੁਬਈ ਤੋਂ ਵਾਪਸ ਪਿੰਡ ਪਰਤਿਆ ਤਾਂ ਉਸ ਨੇ ਆਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਸਹੁਰੇ ਤੇ ਸਾਲੇ ਦਾ ਕਤਲ ਕਰ ਦਿੱਤਾ।