ਮੁਕਤਸਰ: ਜਿਲ੍ਹਾ ਮੁਕਤਸਰ ਵਿੱਚ ਮਲੋਟ ਦੇ ਪਿੰਡ ਬੁਰਜ ਸਿੰਧਵਾ ਵਿੱਚ ਇੱਕ ਡਾਕਟਰ ਦਾ ਅਣਪਛਾਤੇ ਲੁਟੇਰਿਆਂ ਨੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਫਿਲਹਾਲ ਪੁਲਿਸ ਇਸ ਕਤਲ ਦੀ ਜਾਂਚ ਕਰ ਰਹੀ ਹੈ।
ਸਵੇਰ ਵੇਲੇ ਕੀਤਾ ਹਮਲਾ :- ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਡਾਕਟਰ ਦੇ ਹੱਤਿਆ ਸਵੇਰ ਵੇਲੇ ਕੀਤੀ ਗਈ ਹੈ। ਇਸ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਸ਼ਨੀਵਾਰ ਤੜਕੇ 3 ਵਜੇ 3 ਨਕਾਬਪੋਸ਼ ਵਿਅਕਤੀਆਂ ਨੇ ਘਰ ਵਿੱਚ ਦਾਖਿਲ ਹੋ ਕੇ ਉਨ੍ਹਾਂ ਉੱਤੇ ਹਮਲਾ ਕੀਤਾ ਹੈ। ਇਸ ਤੋਂ ਬਾਅਦ ਇਸ ਸਾਰੀ ਵਾਰਦਾਤ ਨੂੰ ਸਿਰੇ ਚਾੜ੍ਹਿਆ ਗਿਆ ਹੈ।
ਲੁਟੇਰਿਆਂ ਨੇ ਮੰਗੇ ਪੰਜ ਲੱਖ ਰੁਪਏ :- ਮ੍ਰਿਤਕ ਦੀ ਪਤਨੀ ਪਰਮਿੰਦਰ ਦੇ ਮੁਤਾਬਿਕ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਅਤੇ ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਲੁਟੇਰਿਆਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਉਸਦੇ ਪਤੀ ਨੇ ਇਹ ਵੀ ਕਿਹਾ ਕਿ ਉਹ ਸਵੇਰੇ ਬੈਂਕ ਵਿੱਚੋਂ ਪੈਸੇ ਲੈ ਕੇ ਉਨ੍ਹਾਂ ਨੂੰ ਦੇ ਦੇਣਗੇ ਪਰ ਫਿਰ ਵੀ ਉਹ ਨਹੀਂ ਮੰਨੇ ਅਤੇ ਕੁੱਟਮਾਰ ਕਰਦੇ ਰਹੇ। ਲੁਟੇਰਿਆਂ ਨੇ ਡੰਡਿਆਂ ਅਤੇ ਲੋਹੇ ਦੇ ਹਥਿਆਰਾਂ ਨਾਲ ਉਨ੍ਹਾਂ ਨੂੰ ਕੁੱਟਿਆ ਹੈ।
ਬੇਰਹਿਮੀ ਨਾਲ ਕੁੱਟਮਾਰ 'ਚ ਹੋਈ ਮੌਤ :- ਮ੍ਰਿਤਕ ਦੀ ਪਤਨੀ ਦੇ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਨਾਲ ਗੰਭੀਰ ਰੂਪ ਵਿੱਚ ਕੁੱਟਮਾਰ ਕੀਤੀ ਅਤੇ ਘਰ ਵਿੱਚ ਪਈ 30 ਹਜ਼ਾਰ ਰੁਪਏ ਦੀ ਨਗਦੀ ਆਪਣੇ ਨਾਲ ਲੈ ਗਏ ਹਨ। ਹਾਲਾਂਕਿ ਉਨ੍ਹਾਂ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਵੀ ਕੀਤਾ ਪਰ ਉਦੋਂ ਤੱਕ ਉਸਦੇ ਪਤੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੂਚਨਾ ਮਿਲਣ ਉੱਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।