ਪਟਿਆਲਾ: ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇੱਕ ਸਾਲ ਪੂਰਾ ਹੋਣ ਉੱਤੇ ਕਿਸਾਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਸਰਹੱਦਾਂ ਉੱਤੇ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਬੀਤੇ ਦਿਨ ਮਹਾਪੰਚਾਇਤ ਵਿੱਚ ਪਹੁੰਚੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜ ਗਈ ਸੀ, ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। ਇਲਾਜ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਵੱਡਾ ਬਿਆਨ ਦਿੱਤਾ ਹੈ।
"ਜੇਕਰ ਮੈਨੂੰ ਕੁੱਝ ਹੋ ਜਾਂਦਾ ਤਾਂ ..."
ਬਲਦੇਵ ਸਿਰਸਾ ਨੇ ਐਲਾਨ ਕੀਤਾ ਕਿ, "ਜੇਕਰ ਮੈਨੂੰ ਕੁੱਝ ਹੋ ਜਾਂਦਾ ਹੈ, ਤਾਂ ਮੇਰੀ ਮ੍ਰਿਤਕ ਦੇਹ ਖਨੌਰੀ ਮੋਰਚੇ ਉੱਤੇ ਰੱਖੀ ਜਾਵੇ ਅਤੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਮੇਰੇ ਸਰੀਰ ਦਾ ਅੰਤਿਮ ਸਸਕਾਰ ਨਾ ਕੀਤਾ ਜਾਵੇ।"
'ਸਿਹਤਯਾਬ ਹੋਇਆ, ਤਾਂ ਵਾਪਸ ਮੋਰਚੇ ਉੱਤੇ ਜਾਵਾਂਗਾ'
ਬਲਦੇਵ ਸਿੰਘ ਸਿਰਸਾ ਨੂੰ ਰਜਿੰਦਰਾ ਹਸਪਤਾਲ ਲੈ ਕੇ ਪਹੁੰਚੇ ਕਿਸਾਨ ਆਗੂ ਲਖਵਿੰਦਰ ਔਲਖ ਨੇ ਦੱਸਿਆ ਕਿ ਅੱਜ ਸਰਕਾਰਾਂ ਖਿਲਾਫ ਵਿੱਢੇ ਹੋਏ ਸੰਘਰਸ਼ ਨੂੰ ਇੱਕ ਸਾਲ ਪੂਰਾ ਹੋ ਚੁੱਕਾ ਹੈ। ਬੀਤੇ ਦਿਨ ਖਨੌਰੀ ਵਿਖੇ ਮਹਾਪੰਚਾਇਤ ਕਰਵਾਈ ਗਈ, ਜਿੱਥੇ ਬਲਦੇਵ ਸਿਰਸਾ ਨੇ ਸੰਬਧੋਨ ਵੀ ਕਰਨਾ ਸੀ, ਪਰ ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾ ਹੀ ਸਵੇਰੇ ਸਿਹਤ ਖਰਾਬ ਹੋਣ ਕਰਕੇ, ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ, ਬਲਦੇਵ ਸਿੰਘ ਸਿਰਸਾ ਕਹਿ ਰਹੇ ਹਨ ਕਿ ਜੇਕਰ ਉਹ ਠੀਕ ਹੋ ਗਏ ਤਾਂ ਉਹ ਮੋਰਚੇ ਉੱਤੇ ਹੀ ਵਾਪਸੀ ਕਰਨਗੇ।
ਸਿਰਸਾ ਨੂੰ ਦੂਜੀ ਵਾਰ ਆਇਆ ਹਾਰਟ ਅਟੈਕ !
ਕਿਸਾਨ ਆਗੂ ਲਖਵਿੰਦਰ ਔਲਖ ਨੇ ਦੱਸਿਆ ਕਿ, "ਇਸ ਤੋਂ ਪਹਿਲਾਂ ਵੀ ਬਲਦੇਵ ਸਿੰਘ ਸਿਰਸਾ ਨੂੰ 21 ਤਰੀਕ ਨੂੰ ਹਾਰਟ ਸਬੰਧੀ ਸਮੱਸਿਆ ਆਈ ਸੀ, ਪਰ ਉਨ੍ਹਾਂ ਨੇ ਫਿਰ ਵੀ ਮੋਰਚੇ ਨੂੰ ਪਹਿਲ ਦਿੱਤੀ ਅਤੇ ਅਰਾਮ ਕਰਨ ਦੀ ਬਜਾਏ ਮੋਰਚੇ ਉੱਤੇ ਪਹੁੰਚੇ। ਜਗਜੀਤ ਸਿੰਘ ਡੱਲੇਵਾਲ ਨੇ ਵੀ ਸਿਰਸਾ ਨੂੰ ਅਰਾਮ ਕਰਨ ਲਈ ਕਿਹਾ, ਪਰ ਇਨ੍ਹਾਂ ਨੇ ਮਨਾ ਕਰ ਦਿੱਤਾ ਅਤੇ ਮੋਰਚੇ ਉੱਤੇ ਪਹੁੰਚੇ, ਪਰ ਬਿਤੇ ਦਿਨ ਸਿਹਤ ਮੁੜ ਖਰਾਬ ਹੋਣ ਕਰਕੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਈਸੀਜੀ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਮੁੜ ਦਿਲ ਦਾ ਦੌਰਾ ਪਿਆ ਹੈ।"
ਜ਼ਿਕਰਯੋਗ ਹੈ ਕਿ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਣੇ 13 ਮੰਗਾਂ ਦੇ ਨਾਲ ਚੱਲ ਰਹੇ ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਹੋ ਗਿਆ ਹੈ। ਕੇਂਦਰ ਸਰਕਾਰ ਨਾਲ ਭਲਕੇ (14 ਫਰਵਰੀ) ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅੱਜ ਸ਼ੰਭੂ ਮੋਰਚੇ ਵਿੱਚ ਕਿਸਾਨ ਤੀਜੀ ਵੱਡੀ ਮਹਾਪੰਚਾਇਤ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ।