ਕਪੂਰਥਲਾ: ਕਿਸੇ ਨੇ ਠੀਕ ਹੀ ਕਿਹਾ ਹੈ ਕਿ ਦੋਸਤ ਬਣਾਉਣ ਸਮੇਂ ਸਾਵਧਾਨ ਨਾ ਰਹਿਣ ਵਾਲਿਆਂ ਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਇੱਕ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ। ਕਪੂਰਥਲਾ ਦੇ ਪਿੰਡ ਸੁਲਤਾਨਪੁਰ ਲੋਧੀ ਵਿਖੇ ਦੁਬਈ ਤੋਂ ਆਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵੱਜੋਂ ਹੋਈ ਹੈ ਜੋ ਕਿ ਪਿੰਡ ਕੁਤਬੇਵਾਲ ਦਾ ਰਹਿਣ ਵਾਲਾ ਸੀ। ਜਿੰਨ੍ਹਾਂ ਯਾਰਾਂ 'ਤੇ ਇੱਕ ਨੌਜਵਾਨ ਨੂੰ ਰੱਬ ਤੋਂ ਵੱਧ ਭਰੋਸਾ ਸੀ, ਉਨ੍ਹਾਂ ਦੋਸਤਾਂ ਨੇ ਹੀ ਆਪਣੇ ਯਾਰ ਦਾ ਕਤਲ ਕਰ ਦਿੱਤਾ।
ਜਿਗਰੀ ਦੋਸਤਾਂ ਵੱਲੋ ਕਤਲ
ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ 2 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਿਸ ਆਇਆ ਸੀ। ਬੀਤੇ ਦਿਨ ਜਸਵਿੰਦਰ ਸਿੰਘ ਦੇ ਯਾਰ ਉਸ ਨੂੰ ਸ਼ਾਮ ਦੇ ਸਮੇਂ ਘਰੋਂ ਲੈ ਕੇ ਗਏ ਸਨ। ਉਸ ਤੋਂ ਬਾਅਦ ਰਾਤ ਤਕਰੀਬਨ 10 ਵਜੇ ਸਾਨੂੰ ਫੋਨ ਆਇਆ ਕਿ ਤੁਹਾਡਾ ਮੁੰਡਾ ਵੱਢ ਦਿੱਤਾ ਹੈ, ਉਸਦਾ ਇਲਾਜ ਕਰਵਾ ਲਓ। ਜਦੋਂ ਅਸੀਂ ਮੌਕੇ ਉੱਤੇ ਪਹੁੰਚੇ ਤਾਂ ਦੇਖਿਆ ਕਿ ਜਸਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਪਿੰਡ ਜੱਬੋਵਾਲ ਰਾਮੇ ਰੋਡ ਦੇ ਖੇਤਾਂ ਵਿੱਚ ਪਿਆ ਹੋਇਆ ਸੀ ਅਤੇ ਉਸਦੇ ਸਰੀਰ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਹੋਏ ਸਨ। ਉਸ ਤੋਂ ਬਾਅਦ ਅਸੀਂ ਜਸਵਿੰਦਰ ਸਿੰਘ ਨੂੰ ਹਸਪਤਾਲ ਲੈ ਕੇ ਗਏ, ਪਰ ਉਸ ਦੀ ਮੌਤ ਹੋ ਗਈ।
![MURDER COMMITTED BY CLOSE FRIENDS](https://etvbharatimages.akamaized.net/etvbharat/prod-images/13-02-2025/ayoungmanwhocamefromabroad2monthsagowasbrutallymurderedbyhisclosefriends_12022025175619_1202f_1739363179_796.jpg)
ਦੋਸਤਾਂ ਨੇ ਬੇਰਹਿਮੀ ਦੇ ਨਾਲ ਕੀਤਾ ਕਤਲ
ਪੀੜਤ ਪਰਿਵਾਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਸਵਿੰਦਰ ਸਿੰਘ ਦਾ ਉਸ ਦੇ ਦੋਸਤਾਂ ਨੇ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ। ਮਾਮਲੇ ਸਬੰਧੀ ਸੂਚਨਾ ਮਿਲਣ ਉੱਤੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਉੱਤੇ ਪਹੁੰਚੇ। ਮਾਮਲੇ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।