ਤਰਨ ਤਾਰਨ: ਬੀਤੇ ਦਿਨੀਂ ਤਰਨ ਤਾਰਨ ਦੇ ਪਿੰਡ ਸਭਰਾਂ 'ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇੱਕ ਵਫਦ ਨੇ ਸ਼ਹਿਰ ਦੇ ਡੀਸੀ ਨਾਲ ਮੁਲਾਕਾਤ ਕੀਤੀ ਅਤੇ ਮੁੱਦੇ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀਸੀ ਅਤੇ ਐੱਸਡੀਐੱਮ ਨੂੰ ਪਿੰਡ ਸਭਰਾਂ ਦੇ ਹਲਾਤਾਂ ਤੋਂ ਜਾਣੂ ਕਰਵਾਇਆ। ਇਸ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ ਹੈ।
ਰੇਤੇ ਦੀ ਖੱਡ ਪਿੰਡ ਦਾ ਕਰੇਗੀ ਨੁਕਸਾਨ
ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਉਨ੍ਹਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਪਿੰਡ ਸਭਰਾਂ ਦੇ ਹਥਾੜ ਦਰਿਆ ਦੇ ਬੰਨ੍ਹ ਦੇ ਨੇੜੇ ਹੋਣ ਵਾਲੀ ਰੇਤੇ ਦੀ ਖ਼ੁਦਾਈ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਥੇ ਰੇਤੇ ਦੀ ਖ਼ੁਦਾਈ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਭਰਾਂ 'ਚ ਦਰਿਆ ਦਾ ਬੰਨ੍ਹ ਨਜ਼ਦੀਕ ਹੈ ਜਿਥੋਂ ਰੇਤਾ ਦੀ ਖੱਡ ਲਗਾਈ ਜਾ ਰਹੀ ਹੈ, ਜੇਕਰ ਇਹ ਖੱਡ ਲਗਾਈ ਜਾਂਦੀ ਹੈ ਤਾਂ ਸਾਡੀਆਂ ਜ਼ਮੀਨਾ ਰੁੜਣ ਦਾ ਖਤਰਾ ਹੈ। ਸਾਲ 2023 ਵਿੱਚ ਦਰਿਆ ਦਾ ਧੁਸੀ ਬੰਨ੍ਹ ਟੁੱਟਣ ਕਾਰਨ ਸਾਡੀਆਂ ਹਜ਼ਾਰਾਂ ਏਕੜ ਜ਼ਮੀਨਾਂ, ਘਰ, ਪਸ਼ੂ ਰੁੜ੍ਹ ਗਏ ਸਨ ਅਤੇ ਉਸ ਵਕਤ ਵੀ ਬੰਨ੍ਹ ਟੁੱਟਣ ਦਾ ਕਾਰਨ ਨੇੜੇ ਲੱਗੀ ਰੇਤਾ ਦੀ ਖੱਡ ਹੀ ਬਣੀ ਸੀ।
ਜ਼ਮੀਨਾਂ ਦੇ ਮਾਲਕਾਂ ਨੂੰ ਮਿਲਣ ਹੱਕ
ਇਸ ਲਈ ਲੋਕਾਂ ਦਾ ਨੁਕਸਾਨ ਕਰਕੇ ਸਰਕਾਰੀ ਅਧਿਕਾਰੀਆਂ ਨੂੰ ਲਾਹਾ ਦੇਣਾ ਸਹੀ ਨਹੀਂ ਹੈ। ਇਥੇ ਰੇਤੇ ਦੀਆਂ ਖੱਡਾਂ ਲਗਾਉਣ ਦੀ ਬਜਾਏ ਜ਼ਮੀਨਾਂ ਦੇ ਮਾਲਿਕਾਂ ਨੂੰ ਹੀ ਇਹ ਹੱਕ ਦਿੱਤੇ ਜਾਣ ਕਿ ਉਹ ਆਪਣੀ ਮਰਜ਼ੀ ਮੁਤਾਬਕ ਰੇਤਾ ਵੇਚ ਸਕੇ ਅਤੇ ਇਸ ਨਾਲ ਮਜ਼ਦੂਰਾਂ ਨੂੰ ਲਾਹਾ ਹੋਵੇਗਾ ਅਤੇ ਜ਼ਮੀਨਾਂ ਦੇ ਮਾਲਕਾਂ ਨੂੰ ਵੀ ਅਮਦਨ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਥੇ ਰੇਤੇ ਦੀ ਨਜਾਇਜ਼ ਮਾਈਨਿੰਗ ਹੁੰਦੀ ਰਹੇਗੀ ਅਤੇ ਮਹਿੰਗੇ ਭਾਅ 'ਤੇ ਰੇਤਾ ਤਾਂ ਸਪਲਾਈ ਹੋਵੇਗੀ ਹੀ, ਇਸ ਨਾਲ ਪਿੰਡ ਦਾ ਵੀ ਭਾਰੀ ਨੁਕਸਾਨ ਹੋਵੇਗਾ।
ਇਸ ਮੌਕੇ ਗੱਲ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਤੇ ਨਾ ਕਿਤੇ ਡੀਸੀ ਨਾਲ ਮੁਲਾਕਾਤ ਤੋਂ ਕੋਈ ਚੰਗੇ ਰੁਝਾਨ ਨਾ ਮਿਲਣ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਗੱਲ ਨੂੰ ਇਨੀਂ ਤਵੱਜੋਂ ਨਹੀਂ ਦਿੱਤੀ ਗਈ, ਬਲਕਿ ਅਗਲੀ ਮੀਟਿੰਗ ਦਾ ਸਮਾਂ ਦੇਕੇ ਪੱਲ੍ਹਾ ਝਾੜਣ ਦੀ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਅਗਲੀ ਮੀਟਿੰਗ ਵਿੱਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ।
ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਆਮ ਆਦਮੀ ਪਾਰਟੀ ਨਾਲ ਸਬੰਧਤ ਹੈ ਮ੍ਰਿਤਕ
ਕੁੱਤੇ ਨੂੰ ਖੁੱਲ੍ਹਾ ਛੱਡਣ 'ਤੇ ਆਪਸ ਵਿੱਚ ਭਿੜੇ ਗੁਆਂਢੀ, ਇੱਕ ਨੇ ਦੂਜੀ ਧਿਰ 'ਤੇ ਚਲਾਈ ਗੋਲੀ, ਮਾਮਲਾ ਦਰਜ