ਬਰਨਾਲਾ: ਜ਼ਿਲ੍ਹੇ ਦੇ ਹੰਡਿਆਇਆ ਰੋਡ 'ਤੇ ਪ੍ਰਗਟਸਰ ਗੁਰਦੁਆਰਾ ਕੋਲ 2 ਬੱਚਿਆਂ ਦੀ ਮਾਂ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸੋਨੀਆ ਰਾਣੀ 10 ਸਾਲ ਪਹਿਲਾਂ ਬਰਨਾਲਾ ਦੇ ਰਹਿਣ ਵਾਲੇ ਸੰਦੀਪ ਸਿੰਘ ਪੁੱਤਰ ਜਗਦੀਸ ਲਾਲ ਨਾਲ ਵਿਆਹ ਹੋਇਆ ਸੀ। ਜਿਸ ਦੇ 7 ਅਤੇ 10 ਸਾਲ ਦੇ 2 ਪੁੱਤਰ ਵੀ ਹਨ। ਮ੍ਰਿਤਕ ਦੇ ਪੇਕਾ ਪਰਿਵਾਰ ਨੇ ਉਸਦੇ ਸਹੁਰਾ ਪਰਿਵਾਰ ਉਪਰ ਇਲਜ਼ਾਮ ਲਗਾਏ ਹਨ, ਜਦਕਿ ਮ੍ਰਿਤਕਾ ਦੇ ਪਤੀ ਨੇ ਉਸਦੀ ਮੌਤ ਦਾ ਕਾਰਨ ਕੁਝ ਹੋਰ ਹੀ ਦੱਸਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਤਾ ਅਤੇ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ
ਘਟਨਾ ਦਾ ਪਤਾ ਲੱਗਦੇ ਸੀ ਮੌਕੇ 'ਤੇ ਪਹੁੰਚੇ ਐੱਸਐੱਚਓ ਕੁਲਜਿੰਦਰ ਸਿੰਘ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਐੱਸਐੱਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਨੀਆ ਦੇ ਪਿਤਾ ਅਤੇ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਜਿਸ ਸਬੰਧੀ ਵੱਖੋਂ ਵੱਖਰੇ ਪਹਿਲੂਆਂ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਮ੍ਰਿਤਕ ਸੋਨੀਆ ਦੇ ਪਿਤਾ ਅਸ਼ਵਨੀ ਕੁਮਾਰ ਨੇ ਸਹੁਰੇ ਪਰਿਵਾਰ 'ਤੇ ਗੰਭੀਰ ਇਲਜ਼ਾਮ ਲਾਉਂਦੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਮਾਰ ਦਿੱਤਾ ਹੈ। ਜਿਸ ਲਈ ਉਹ ਇਨਸਾਫ ਦੀ ਗੁਹਾਰ ਲਾ ਰਹੇ।
ਮ੍ਰਿਤਕਾ ਦੇ ਪਤੀ ਦਾ ਬਿਆਨ
ਮ੍ਰਿਤਕ ਸੋਨੀਆ ਦੇ ਪਤੀ ਸੰਦੀਪ ਸਿੰਘ ਨੇ ਕਿਹਾ ਕਿ ਉਸ ਦਾ ਸਾਰਾ ਘਰ ਉਜੜ ਚੁੱਕਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਉਸਦੇ ਮਾਤਾ-ਪਿਤਾ ਭੋਗ ਉੱਤੇ ਗਏ ਹੋਏ ਸਨ ਅਤੇ ਉਹ ਆਪਣੀ ਦੁਕਾਨ ਉੱਤੇ ਸੀ। ਮ੍ਰਿਤਕਾ ਦੇ ਪਤੀ ਨੇ ਸਹੁਰਾ ਪਰਿਵਾਰ ਵੱਲੋਂ ਲਾਏ ਸਾਰੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ। ਉਸ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੀ ਦੁਕਾਨ ਵਿੱਚ ਕੁਝ ਵਿਅਕਤੀਆਂ ਨੇ ਉਸ ਦੀ ਪਤਨੀ ਸੋਨੀਆ ਰਾਣੀ ਦੀ ਕੁੱਟਮਾਰ ਕੀਤੀ ਸੀ। ਜਿਸ ਕਾਰਨ ਉਸਦੀ ਪਤਨੀ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਸੀ।
ਇਸ ਘਟਨਾ ਨੂੰ ਲੈ ਕੇ ਘਰ ਵਿੱਚ ਕੰਮ ਕਰਨ ਵਾਲੀ ਔਰਤ ਹਰਪ੍ਰੀਤ ਕੌਰ ਨੇ ਕਿਹਾ ਕਿ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਸੀ। ਪਰ ਅੱਜ ਸਵੇਰੇ 7 ਵਜੇ ਉਹ ਘਰ ਵਿੱਚ ਸਫਾਈ ਕਰਨ ਵਾਸਤੇ ਆਈ ਸੀ ਤਾਂ ਸਭ ਠੀਕ ਸੀ, ਪਰ ਬਾਅਦ ਵਿੱਚ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਸੋਨੀਆ ਨੇ ਫਾਹਾ ਲਿਆ ਹੋਇਆ ਸੀ।