ਸ੍ਰੀ ਮੁਕਤਸਰ ਸਾਹਿਬ: ਇੱਕ ਮਾਂ ਲਈ ਦੁੱਖ ਦੀ ਘੜੀ ਉਹ ਹੁੰਦੀ ਹੈ ਜਦੋਂ ਮਾਂ ਹੀ ਆਪਣੀ ਔਲਾਦ ਉੱਤੇ ਭਾਰ ਬਣ ਜਾਂਦੀ ਹੈ ਤੇ ਔਲਾਦ ਉਸ ਨੂੰ ਛੱਡ ਦਿੰਦੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਕੁਝ ਸਾਲ ਪਹਿਲਾਂ ਆਪਣੀ ਮਾਂ ਨੂੰ ਬੇਗਾਨਿਆਂ ਦੇ ਸਹਾਰੇ ਛੱਡ ਦਿੱਤਾ ਸੀ। ਜਦੋਂ ਉਸ ਦੇ ਸਿਰ ਵਿੱਚ ਜਖ਼ਮ ਹੋਣ ਨਾਲ ਕੀੜੇ ਪੈਣ ਲੱਗ ਗਏ ਤਾਂ ਬੇਗਾਨਿਆਂ ਨੇ ਵੀ ਉਸ ਤੋਂ ਮੂੰਹ ਫੇਰ ਲਿਆ ਤੇ ਮਾਤਾ ਸੜਕ ਉੱਤੇ ਮਿੱਟੀ ਦਾ ਘੁਰਨਾ ਬਣਾ ਕੇ ਰਹਿਣ ਲਈ ਮਜ਼ਬੂਰ ਹੋ ਗਈ।
ਦੱਸ ਦੇਈਏ ਕਿ ਜਦੋਂ ਅੱਜ ਪੁਲਿਸ ਮੁਲਾਜ਼ਮਾਂ ਨੂੰ ਬਜ਼ੁਰਗ ਮਾਤਾ ਦੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸਾਲਾਸਰ ਸੇਵਾ ਸੁਸਾਇਟੀ ਨੂੰ ਬੁਲਾ ਕੇ ਮਾਤਾ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਤਪਾਲ ਵਿੱਚ ਭਰਤੀ ਕਰਵਾਇਆ। ਜਿਥੋਂ ਉਸ ਨੂੰ ਹੁਣ ਫਰੀਦਕੋਟ ਦੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ।
ਜਦੋਂ ਮਾਤਾ ਨੂੰ ਉਸ ਬਾਰੇ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਮੰਦੋ ਦੱਸਿਆ। ਬਜ਼ੁਰਗ ਮਾਤਾ ਤੋਂ ਜਦੋਂ ਉਸ ਦੇ ਬੱਚਿਆ ਬਾਰੇ ਪੁੱਛਿਆ ਤਾਂ ਉਸ ਨੇ ਇੱਕ ਵਾਰ ਵੀ ਆਪਣੇ ਬੱਚਿਆਂ ਬਾਰੇ ਨਹੀਂ ਦੱਸਿਆ। ਸਮਾਜ ਸੇਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਵਿਭਾਗ ਦੇ ਦਿਲਬਾਗ ਸਿੰਘ ਤੋਂ ਬਜ਼ੁਰਗ ਔਰਤ ਦੇ ਘੁਰਨੇ ਵਿੱਚ ਰਹਿਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਪਹੁੰਚ ਕੇ ਮਾਤਾ ਨੂੰ ਚੁੱਕ ਕੇ ਐਬੂਲੈਂਸ ਵਿੱਚ ਪਾਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਮਾਤਾ ਕੋਲ ਗਏ ਤਾਂ ਮਾਤਾ ਗਰਮੀ ਨਾਲ ਤੜਪ ਰਹੀ ਸੀ ਤੇ ਉਹ ਇਕੱਠੀ ਜਹੀ ਹੋ ਕੇ ਪਈ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਉਸ ਦੀ ਉਮਰ ਕਰੀਬ 85 ਸਾਲ ਹੈ। ਉਨ੍ਹਾਂ ਮਾਤਾ ਦੇ ਸਿਰ ਵਿੱਚ ਜ਼ਖ਼ਮ ਹੋਣ ਕਾਰਨ ਉਸ ਦੇ ਸਿਰ ਵਿੱਚ ਕੀੜੇ ਪਏ ਹੋਏ ਸੀ ਜਿਸ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਨੇ ਮਾਤਾ ਨੂੰ ਹਸਪਤਾਲ ਭਰਤੀ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਤਾ ਮਿੱਟੀ ਦੇ 2-2 ਫੁੱਟ ਦੇ ਘੁਰਨੇ ਵਿੱਚ ਰਹਿ ਰਹੀ ਸੀ ਜਿੱਥੇ ਰਹਿਣਾ ਬੇਹੱਦ ਮੁਸ਼ਕਲ ਹੈ।
ਡਾਕਟਰ ਨੇ ਦੱਸਿਆ ਕਿ ਜਦੋਂ ਬੁਜ਼ਰਗ ਮਾਤਾ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਉਸ ਵੇਲੇ ਮਾਤਾ ਦੀ ਹਾਲਾਤ ਨਾਜ਼ੁਕ ਸੀ ਤੇ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮਾਤਾ ਦੀ ਮੁੱਢਲੀ ਸਹਾਇਤਾ ਦੇ ਦਿੱਤੀ ਹੈ ਤੇ ਹੁਣ ਉਨ੍ਹਾਂ ਨੂੰ ਇਲਾਜ ਲਈ ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬਜ਼ੁਰਗ ਮਾਤਾ ਦੇ ਦੋ ਮੁੰਡੇ ਹਨ ਇੱਕ ਸਰਕਾਰੀ ਮੁਲਾਜ਼ਮ ਹੈ ਤੇ ਦੂਜਾ ਲੀਡਰ ਹੈ। ਇਸ ਦੇ ਬਾਵਜੂਦ ਵੀ ਮਾਤਾ ਮਿੱਟੀ ਦੇ ਘੁਰਨੇ ਵਿੱਚ ਰਹਿ ਰਹੀ ਸੀ।