ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਘੱਗਾ ਵਿੱਚ ਨਸ਼ਾ ਨਿਗਰਾਨ ਅਤੇ ਨਸ਼ਾ ਰੋਕੂ ਦੀਆਂ ਲਗਭਗ 20 ਕਮੇਟੀਆਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਕਈ ਅਹਿਮ ਫ਼ੈਸਲੇ ਲਏ। ਮੈਂਬਰਾਂ ਨੇ ਆਪਸੀ ਸਹਿਮਤੀ ਬਣਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹਿਆ।
ਕਮੇਟੀ ਮੈਂਬਰਾਂ ਨੇ ਡੀਐਸਪੀ ਦਫ਼ਤਰ ਬਾਹਰ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਏ। ਕਮੇਟੀ ਮੈਂਬਰਾਂ ਨੇ ਦੱਸਿਆ ਕਿ 18 ਦਿਨ ਪਹਿਲਾਂ ਘੱਗਾ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ਤੇ ਨਸ਼ਾ ਤਸਕਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਦੇ ਸਬੰਧ ਵਿੱਚ ਅਹਿਮ ਫ਼ੈਸਲੇ ਲਏ ਗਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਹਮਲੇ ਵਿੱਚ ਨਸ਼ਾ ਤਸਕਰਾਂ ਨੇ ਮੈਂਬਰਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਲਗਭਗ 20 ਦਿਨਾਂ ਤੋਂ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਵੱਲੋਂ ਕਿਸੇ ਵੀ ਤਸਕਰ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਰਣਜੀਤ ਗਿੱਲ ਨੇ ਦੱਸਿਆ ਕਿ ਪਿੰਡਾਂ ਵਿੱਚ ਬਣੀਆਂ ਇਹ ਨਸ਼ਾ ਨਿਗਰਾਨ ਅਤੇ ਨਸ਼ਾ ਰੋਕੂ ਕਮੇਟੀਆਂ ਪੰਜਾਬ ਪੁਲਿਸ ਅਤੇ ਸਰਕਾਰ ਦਾ ਸਾਥ ਦੇ ਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਪੰਜਾਬ ਪੁਲਿਸ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ।
ਕਮੇਟੀ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਤਿੰਨ ਦਿਨਾਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤਾਂ ਕਮੇਟੀ ਵੱਲੋਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।