ਮੁਕਤਸਰ : ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਕਸਮ ਖਾਣ ਦੇ ਬਾਵਜੂਦ ਵੀ ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਜਾ ਰਿਹਾ ਹੈ। ਆਏ ਦਿਨ ਨਸ਼ੇ ਦੀ ਓਵਰ ਡੋਜ਼ ਨਾਲ ਹੋ ਰਹੀਆ ਮੌਤਾਂ ਦੀ ਕੜੀ ਵਿੱਚ ਸੋਮਵਾਰ ਨੂੰ ਹਲਕਾ ਲੰਬੀ ਦੇ ਪਿੰਡ ਕੱਖਾਵਾਲੀ ਦੇ ਸਿਰਫ਼ 22 ਸਾਲ ਦੇ ਨੌਜਵਾਨ ਦਾ ਨਾਮ ਵੀ ਜੁੜ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਜਗਮੀਤ ਸਿੰਘ ਹਾਲੇ ਅਣ-ਵਿਆਹਿਆ ਸੀ ਅਤੇ ਉਸ ਦਾ ਇੱਕ ਵੱਡਾ ਭਰਾ ਪਹਿਲਾਂ ਤੋਂ ਹੀ ਨਸ਼ੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ।
ਜਗਮੀਤ ਦੇ ਚਾਚੇ ਲੜਕੇ ਗੁਰਮੀਤ ਸਿੰਘ ਦੇ ਅਨੁਸਾਰ ਜਮਗੀਤ ਦੀ ਮੌਤ ਨਸ਼ੇ ਓਵਰਡੋਜ਼ ਕਾਰਨ ਹੋਈ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਵੇਚਣ ਅਤੇ ਖਾਣ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਆਪਣੇ ਪੱਧਰ ਉੱਤੇ ਵੀ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੇ ਪਰ ਪ੍ਰਸ਼ਾਸਨ ਦੇ ਵਲੋਂ ਕੋਈ ਵੀ ਸਹਿਯੋਗ ਨਹੀਂ ਦੇਣ ਕਾਰਨ ਨਸ਼ਾ ਵੱਧ ਫੂਲ ਰਿਹਾ ਹੈ ।
ਇਹ ਵੀ ਪੜ੍ਹੋ : ਪੰਜਾਬ ਦੀਆਂ ਫੁਲਕਾਰੀਆਂ ਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਕੀਤੀ ਜਾਵੇ ਮਾਰਕਿਟਿੰਗ
ਪਿੰਡ ਵਾਸੀ ਰਵਿੰਦਰ ਸਿੰਘ ਨੇ ਵੀ ਨਸ਼ੇ ਦੀ ਵਿਕਰੀ ਲਈ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਿਰਫ਼ ਬੈਠਕਾਂ ਨਾਲ ਨਸ਼ਾ ਖਤਮ ਨਹੀਂ ਹੋਣ ਵਾਲਾ। ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ ਅਤੇ ਕਰੀਬ ਅੱਧਾ ਪਿੰਡ ਨਸ਼ੇ ਦੀ ਚਪੇਟ ਵਿੱਚ ਹੈ ਅਤੇ ਇਸ ਦੀ ਭੇਂਟ ਅੱਜ ਇਹ ਨੌਜਵਾਨ ਚੜ੍ਹ ਗਿਆ ਹੈ ।