ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ 2023 ਦਾ ਮੈਦਾਨ ਫਤਿਹ ਕਰਨ ਦੀਆਂ ਤਿਆਰੀਆਂ 'ਚ ਰੁੱਝੀ ਆਮ ਆਦਮੀ ਪਾਰਟੀ ਦਾ ਗਣਿਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਗਾੜ ਸਕਦੇ ਹਨ। ਅੱਜ ਸ਼ੁੱਕਰਵਾਰ ਤੋਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿਚ ਬਲਕੌਰ ਸਿੱਧੂ ਆਪਣੀ ਇਨਸਾਫ਼ ਯਾਤਰਾ ਕੱਢਕੇ ਲੋਕਾਂ ਕੋਲ ਫਰਿਆਦ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਾ ਕੀਤੀ ਜਾਵੇ। ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਇਨਸਾਫ਼ ਨਾ ਮਿਲਣ ਕਰਕੇ ਪੰਜਾਬ ਸਰਕਾਰ ਤੋਂ ਨਾਰਾਜ਼ ਚੱਲ ਬਲਕੌਰ ਸਿੱਧੂ ਦੀ ਨਾਰਾਜ਼ਗੀ ਦਾ ਸੇਕ ਜਲੰਧਰ ਜ਼ਿਮਨੀ ਚੋਣ ਤੱਕ ਵੀ ਪਹੁੰਚੇਗਾ। ਜਿੱਥੇ ਬਾਕੀ ਪਾਰਟੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਚੋਣ ਮੈਦਾਨ 'ਚ ਉੱਤਰ ਰਹੀ ਹੈ। ਉਥੇ ਹੀ ਹੁਣ 'ਆਪ' ਨੂੰ ਬਲਕੌਰ ਸਿੰਘ ਦਾ ਸਾਹਮਣਾ ਵੀ ਕਰਨਾ ਪਵੇਗਾ।
ਸੰਗਰੂਰ ਦਾ ਇਤਿਹਾਸ ਦੁਹਰਾਵੇਗਾ ਜਲੰਧਰ ? ਸਿੱਧੂ ਮੂਸੇਵਾਲਾ ਦੀ ਵਿਸ਼ਵ ਪੱਧਰ 'ਤੇ ਮਿਲੀਅਨਸ ਦੇ ਵਿਚ ਫੋਲੋਅਰਸ ਹਨ। ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋ ਰਹੇ ਗੀਤ 'ਬਿਲ ਬੋਰਡ' 'ਤੇ ਧੱਕ ਪਾ ਰਹੇ ਹਨ। ਮੂਸੇਵਾਲਾ ਦੇ ਦਮਲ ਦੀ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿੱਚ ਚਰਚਾ ਹੋਈ ਸੀ। ਸਰਕਾਰ ਖਿਲਾਫ਼ ਲੋਕਾਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਇਸ ਲਈ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ, ਕਿਉਂਕਿ ਕਤਲ ਤੋਂ 2 ਦਿਨ ਪਹਿਲਾਂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੀ ਗਈ ਅਤੇ ਉਸ ਖ਼ਬਰ ਨੂੰ ਲੀਕ ਕੀਤਾ ਗਿਆ। ਜਿਸਨੂੰ ਮੂਸੇਵਾਲਾ ਕਤਲ ਦੀ ਸਭ ਤੋਂ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਕਤਲ ਦੇ 1 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਕਤਲ ਦੇ ਮਾਸਟਰਮਾਈਂਡ ਨੂੰ ਸਲਾਖਾਂ ਪਿੱਛੇ ਨਹੀਂ ਡੱਕ ਸਕੀ। ਆਪਣੇ ਜਵਾਨ ਪੁੱਤ ਦੀ ਮੌਤ ਦਾ ਮਾਤਮ ਮਨਾ ਰਿਹਾ ਪਿਤਾ ਹੁਣ ਸਰਕਾਰ ਨੂੰ ਹਰ ਮੋੜ, ਹਰ ਗਲੀ ਅਤੇ ਹਰ ਚੁਰਾਹੇ ਘੇਰ ਕੇ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਆਖਿਰਕਾਰ ਇਨਸਾਫ਼ ਕਿੱਥੇ ਹੈ ? ਜਲੰਧਰ ਜ਼ਿਮਨੀ ਚੋਣ ਦੀਆਂ ਤਿਆਰੀਆਂ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਆਪ ਸਰਕਾਰ ਦਾ ਟਾਕਰਾ ਹੁਣ ਬਲਕੌਰ ਸਿੰਘ ਨਾਲ ਹੋਵੇਗਾ, ਜੋ ਕਿ ਆਮ ਆਦਮੀ ਪਾਰਟੀ ਦੇ ਰਾਹ ਵਿੱਚ ਰੋੜੇ ਅਟਕਾ ਸਕਦਾ ਹੈ।
ਵਿਰੋਧੀ ਧਿਰਾਂ ਨੂੰ ਹੋ ਸਕਦਾ ਹੈ ਫਾਇਦਾ: ਆਮ ਆਦਮੀ ਪਾਰਟੀ ਖਿਲਾਫ਼ ਬਲਕੌਰ ਸਿੱਧੂ ਦਾ ਰੋਸ ਉਸ ਵੇਲੇ ਪਾਰਟੀ ਲਈ ਚੁਣੌਤੀ ਬਣ ਰਿਹਾ, ਜਦੋਂ ਚੋਣਾਂ ਵਿੱਚ ਮਹਿਜ਼ 4 ਦਿਨ ਦਾ ਸਮਾਂ ਰਹਿੰਦਾ ਹੈ ਅਤੇ ਇਹਨਾਂ ਆਖਰੀ ਦਿਨਾਂ ਵਿੱਚ ਇਕ ਇਕ ਪਲ ਸਾਰੀਆਂ ਪਾਰਟੀਆਂ ਲਈ ਕੀਮਤੀ ਹੈ ਕਿਉਂਕਿ ਆਖਰੀ ਦਿਨ ਲੋਕਾਂ ਵਿਚ ਆਪਣਾ ਪ੍ਰਭਾਵ ਛੱਡਣ ਲਈ ਕਾਫ਼ੀ ਮਹੱਤਵਪੂਰਨ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਹੀ ਬਲਕੌਰ ਸਿੱਧੂ ਸਰਕਾਰ ਦੇ ਖਿਲਾਫ਼ ਆਪਣਾ ਰੋਹ ਲੋਕਾਂ ਸਾਹਮਣੇ ਦਰਜ ਕਰਵਾਉਣਗੇ। ਜ਼ਾਹਿਰ ਹੈ ਕਿ ਇਸ ਨਾਲ ਸਰਕਾਰ ਦੀ ਛਵੀ ਨੂੰ ਕੁੱਝ ਨਾ ਕੁੱਝ ਠੇਸ ਤਾਂ ਵੱਜੇਗੀ। ਇਸ ਦੇ ਨਾਲ ਹੀ ਦੂਜੀਆਂ ਧਿਰਾਂ ਨੂੰ ਵੀ ਇਸਦਾ ਫਾਇਦਾ ਮਿਲੇਗਾ। ਜੋ ਵੋਟ 'ਆਪ' ਨੂੰ ਜਾਣੀ ਹੈ ? ਓਹੀ ਵੋਟ ਦੂਜੀਆਂ ਪਾਰਟੀਆਂ ਵੱਲ ਜਾਵੇਗੀ ਅਤੇ ਉਹਨਾਂ ਦੀ ਵੋਟ ਪ੍ਰਤੀਸ਼ਤਤਾ ਵਿੱਚ ਫ਼ਰਕ ਨਜ਼ਰ ਆਵੇਗਾ।
ਸੰਗਰੂਰ ਦੀ ਜਨਤਾ ਨੇ 'ਆਪ' ਨੂੰ ਚਬਾਏ ਲੋਹੇ ਦੇ ਚਨੇ: ਸੰਗਰੂਰ ਜ਼ਿਮਨੀ ਚੋਣ 2022 ਵਿਚ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੀ ਜਾਣ ਵਾਲੀ ਸੰਗਰੂਰ ਲੋਕ ਸਭਾ ਦੀ ਇਕਲੌਤੀ ਸੀਟ ਖੁੱਸ ਗਈ ਸੀ ਜਦਕਿ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਲਤਨਤ ਪੂਰੀ ਤਰ੍ਹਾਂ ਕਾਇਮ ਸੀ। ਕੈਬਨਿਟ ਮੰਤਰੀ ਮੀਤ ਹੇਅਰ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਖੁਦ ਮੁੱਖ ਮੰਤਰੀ ਸੰਗਰੂਰ ਨਾਲ ਸਬੰਧਤ ਹਨ।
2014 ਅਤੇ 2019 ਦੋ ਵਾਰ ਭਗਵੰਤ ਮਾਨ ਖੁਦ ਇਥੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਜਿਸਦੇ ਬਾਵਜੂਦ ਵੀ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਿਆਸੀ ਅਧਾਰ ਤੋਂ ਕੋਹਾਂ ਦੂਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਇਥੋਂ ਜਿੱਤ ਹਾਸਲ ਕੀਤੀ। ਜਿਸਦਾ ਇਕੋ ਇਕ ਕਾਰਨ ਸੀ ਸਿੱਧੂ ਮੂਸੇਵਾਲਾ ਕਤਲ ਕੇਸ ਜਿਸਦੇ ਕਰਕੇ ਹੀ ਸਰਕਾਰ ਬੈਕ ਫੁਟ 'ਤੇ ਆਈ। ਮੂਸੇਵਾਲਾ ਦਾ ਇੰਨਾ ਪ੍ਰਭਾਵ ਰਿਹਾ ਕਿ ਇਕ ਗੀਤ ਵਿਚ ਸਿਮਰਨਜੀਤ ਸਿੰਘ ਮਾਨ ਦਾ ਨਾਂ ਲਿਆ ਅਤੇ ਉਸਦੀ ਬਦੌਲਤ ਹੀ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਵਿਚ ਜਿੱਤ ਹੋ ਗਈ।
ਬਲਕੌਰ ਸਿੱਧੂ ਹੀ ਨਹੀਂ ਬਲਕਿ 'ਆਪ' ਸਾਹਮਣੇ ਹੋਰ ਵੀ ਕਈ ਚੁਣੌਤੀਆਂ:- ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ ਕਿ ਬਲਕੌਰ ਸਿੰਘ ਦਾ ਜਲੰਧਰ ਜਾ ਕੇ ਇਨਸਾਫ਼ ਮਾਰਚ ਕਰਨਾ ਆਮ ਆਦਮੀ ਪਾਰਟੀ ਲਈ ਚੁਣੌਤੀ ਤਾਂ ਹੈ। ਪਰ ਇਸ ਤੋਂ ਇਲਾਵਾ ਹੋਰ ਕਈ ਚੁਣੌਤੀਆਂ ਵੀ ਸਰਕਾਰ ਦੇ ਸਾਹਮਣੇ ਹਨ। ਪੰਜਾਬ 'ਚ ਕਾਰਗੁਜ਼ਾਰੀ ਅਤੇ ਪੰਜਾਬ 'ਚ ਵਿਗੜੀ ਅਮਨ ਕਾਨੂੰਨ ਵਿਵਸਥਾ ਵੀ ਸਰਕਾਰ ਦਾ ਹਾਜ਼ਮਾ ਖਰਾਬ ਕਰ ਸਕਦੀਆਂ ਹਨ।
ਇਸ ਵੇਲੇ ਕਾਂਗਰਸ ਦਾ ਅਧਾਰ ਜਲੰਧਰ ਵਿਚ ਸਭ ਤੋਂ ਜ਼ਿਆਦਾ ਹੈ, ਅਕਾਲੀ ਬਸਪਾ ਅਤੇ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਵਧਣ ਦੀ ਵੀ ਉਮੀਦ ਹੈ। ਕਿਉਂਕਿ ਆਮ ਆਦਮੀ ਪਾਰਟੀ ਜੋ ਆਪਣੀਆਂ ਪ੍ਰਾਪਤੀਆਂ ਗਿਣਵਾ ਰਹੀ ਹੈ ਉਹਨਾਂ ਵਿਚ ਕੋਈ ਬਹੁਤੀ ਜਾਨ ਨਹੀਂ। ਜ਼ਮੀਨੀ ਪੱਧਰ 'ਤੇ ਆਮ ਆਦਮੀ ਪਾਰਟੀ ਤੀਜੇ ਜਾਂ ਚੌਥੇ ਨੰਬਰ 'ਤੇ ਰਹਿਣ ਦੀ ਉਮੀਦ ਹੈ।