ਸੰਗਰੂਰ: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੱਲਿਤ ਕਰਨ, ਖਿਡਾਰੀਆਂ ਨੂੰ ਸਨਮਾਨ ਦੇਣ ਤੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਦੇ ਦਾਅਵਿਆਂ ਵਿੱਚ ਕਿੰਨਾ ਕੁ ਦਮ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 17 ਸਾਲ ਪੰਜਾਬ ਲਈ ਲਗਾਤਾਰ ਖੇਡਣ ਵਾਲਾ ਮੁੱਕੇਬਾਜ਼ ਮਨੋਜ ਕੁਮਾਰ ਅੱਜ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਦਿਹਾੜੀ ਕਰਨ ਲਈ ਮਜਬੂਰ ਹੈ।
ਬਾਕਸਿੰਗ 'ਚ 15 ਦੇ ਕਰੀਬ ਗੋਲਡ ਤੇ ਸਿਲਵਰ ਮੈਡਲ ਜਿੱਤੇ
ਮਨੋਜ ਕੁਮਾਰ ਨੂੰ ਬਾਕਸਿੰਗ ਖੇਡਦਿਆਂ ਲਗਭਗ 17 ਸਾਲ ਬੀਤ ਚੁੱਕੇ ਹਨ, ਉਸ ਨੇ ਬਾਕਸਿੰਗ 'ਚ 15 ਦੇ ਕਰੀਬ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਹਨ।
ਫਿਰ ਵੀ ਸਰਕਾਰ ਨੇ ਨਹੀਂ ਦਿੱਤੀ ਨੌਕਰੀ
ਮਨੋਜ ਕੁਮਾਰ ਨੇ ਕਿਹਾ ਕਿ ਨੌਕਰੀ ਦੇ ਲਈ ਸਰਕਾਰਾਂ ਨੇ ਕੋਈ ਆਫਰ ਨਹੀ ਦਿੱਤੀ। ਅੱਜ ਕੱਲ ਉਹ ਬੱਚਿਆਂ ਨੂੰ ਬਾਕਸਿੰਗ ਸਿਖਾ ਰਿਹਾ ਹੈ, ਉਸ ਨਾਲ ਘਰ ਦਾ ਥੋੜਾ ਗੁਜ਼ਾਰਾ ਚੱਲਦਾ ਹੈ। ਨੌਜਵਾਨ ਨੇ ਦੱਸਿਆ ਹੈ ਕਿ ਘਰ ਵਿੱਚ ਪਿਤਾ ਸਬਜ਼ੀ ਵੇਚਦਾ ਹੈ ਪਰ ਉਸ ਨੂੰ ਉਮੀਦ ਸੀ ਉਹ ਮੈਡਲ ਜਿੱਤਣ ਦੇ ਬਾਅਦ ਸਰਕਾਰ ਨੌਕਰੀ ਦੇਵੇਗੀ ਪਰ ਅਜਿਹਾ ਨਹੀਂ ਹੋਇਆ ਹੈ।
ਸਰਕਾਰ ਤੋਂ ਨੌਕਰੀ ਦੀ ਕੀਤੀ ਮੰਗ
ਮਨੋਜ ਕੁਮਾਰ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਘਰ ਦੇ ਕੰਮਾਂ ਨਾਲ ਬਾਕਸਿੰਗ ਨੂੰ ਵੀ ਸਮਾਂ ਦਿੰਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੋਈ ਨੌਕਰੀ ਜ਼ਰੂਰ ਦਿੱਤੀ ਜਾਵੇ।