ਸੰਗਰੂਰ: ਪਿੰਡ ਨਮੋਲ ਦੇ ਰਹਿਣ ਵਾਲੇ 3 ਨੌਜਵਾਨਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਈ ਹੈ। ਸਾਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਿਆ ਹੈ। ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਤਿੰਨੋ ਵਿਅਕਤੀ ਇੱਕਠੇ ਬੈਠੇ ਸੀ ਅਤੇ ਸ਼ਰਾਬ ਪੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਸੁੱਤੇ ਪਿਆ ਹੀ ਮੌਤ ਹੋ ਗਈ। ਫਿਲਹਾਲ, ਤਿੰਨਾਂ ਦੀ ਪੋਸਟਮਾਰਟ ਆਉਣ ਤੋਂ ਬਾਅਦ ਕਾਰਨ ਪਤਾ ਲੱਗ ਸਕੇਗਾ। ਤਿੰਨੋ ਨੌਜਵਾਨ ਮਜ਼ਦੂਰੀ ਕਰਦੇ ਸੀ।
ਤਿੰਨੋਂ ਅਕਸਰ ਇੱਕਠੇ ਹੀ ਪੀਂਦੇ ਸੀ ਸ਼ਰਾਬ: ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਤਿੰਨ ਜਣਿਆ ਨੇ ਬੀਤੀ ਰਾਤ ਇਕੱਠੇ ਬਹਿ ਕੇ ਸ਼ਰਾਬ ਪੀਤੀ ਸੀ ਅਤੇ ਸਵੇਰੇ ਹੀ ਇਨ੍ਹਾਂ ਦੀ ਮੌਤ ਹੋ ਚੁੱਕੀ ਸੀ। ਤਿੰਨੋ ਵਿਅਕਤੀ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਪਰਿਵਾਰ ਪਾਲਦੇ ਸੀ। ਤਿੰਨ ਘਰਾਂ ਦਾ ਗੁਜ਼ਾਰਾ ਇਨ੍ਹਾਂ ਤਿੰਨਾਂ ਦੇ ਸਿਰ ਉੱਤੇ ਹੀ ਚੱਲਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ। ਉਹ ਆਪਣੇ ਹਿਸਾਬ ਨਾਲ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਉਹ ਕਰ ਰਹੇ ਹਨ।
ਇਹ ਵੀ ਪੜ੍ਹੋ: Heart Disease: ਲੱਖਾਂ ਲੋਕਾਂ ਦੀ ਬਚਾਈ ਜਾ ਸਕਦੀ ਹੈ ਜਾਨ, ਹੁਣ ਕੈਂਸਰ ਅਤੇ ਦਿਲ ਦੀ ਬਿਮਾਰੀ ਦਾ ਇੱਕ ਹੀ ਟੀਕੇ ਨਾਲ ਹੋਵੇਗਾ ਖ਼ਾਤਮਾ
ਪੁਲਿਸ ਵੱਲੋਂ ਜਾਂਚ ਸ਼ੁਰੂ: ਮੌਕੇ ਉੱਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਿੱਚ ਤਿੰਨ ਵਿਅਕਤੀਆਂ ਦੀ ਸ਼ਰਾਬ ਪੀਣ ਤੋਂ ਬਾਅਦ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਗੁਰਮੇਲ ਸਿੰਘ, ਚਮਕੌਰ ਸਿੰਘ ਅਤੇ ਗੁਰਤੇਜ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੇ ਰਾਤ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ। ਜਦੋਂ ਸਵੇਰ ਨੂੰ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਵੇਖਿਆ, ਤਾਂ ਇਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਚਮਕੌਰ ਸਿੰਘ ਦੇ ਇਕ ਛੋਟਾ ਮੁੰਡਾ ਤੇ ਛੋਟੀ ਕੁੜੀ ਹੈ।
ਜਾਂਚ ਅਧਿਕਾਰੀ ਨੇ ਕਿਹਾ ਕਿ ਬਿਆਨਾਂ ਦੇ ਆਧਾਰ ਉੱਤੇ ਜੋ ਵੀ ਬਣਦੀ ਕਾਰਵਾਈ ਹੈ, ਉਹ ਕੀਤੀ ਜਾ ਰਹੀ ਹੈ। ਬਾਕੀ ਪੋਸਟਮਾਰਟ ਰਿਪੋਰਟ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਸ਼ਰਾਬ ਵੇਚਣ ਵਾਲਿਆਂ ਉੱਤੇ ਸ਼ਿਕੰਜਾ ਕੱਸਿਆ ਜਾਵੇਗਾ। ਜਾਂਚ ਅਧਿਕਾਰੀ ਨੇ ਪਿੰਡਵਾਸੀਆਂ ਨੂੰ ਅਪੀਲ ਕੀਤੀ ਕਿ ਜੀਵਨ ਅਨਮੋਲ ਹੈ। ਇਸ ਨੂੰ ਸ਼ਰਾਬ ਜਾਂ ਹੋਰ ਨਸ਼ੇ ਦਾ ਸੇਵਨ ਕਰ ਕੇ ਖਰਾਬ ਨਾ ਕੀਤਾ ਜਾਵੇ।