ਸੰਗਰੂਰ: ਸੂਬੇ ਵਿੱਚ ਕੈਪਟਨ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਹਰ ਹਲਕੇ ਦੇ ਵਿੱਚ 25 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ, ਜਿਸ ਨੂੰ ਲੈ ਕੇ ਕਾਂਗਰਸ ਨੇਤਾਵਾਂ ਨੇ ਆਪਣੀ ਕਮਰ ਕਸ ਲਈ ਹੈ, ਉਥੇ ਹੀ ਗ੍ਰਾਮ ਪੰਚਾਇਤ ਅਤੇ ਲੋਕਾਂ ਨੇ ਪਿੰਡ ਦੇ ਵਿਕਾਸ ਦੀ ਉਮੀਦ ਜਗਾਈ ਹੈ ਪਰ ਹਲਕਾ ਦਿੜ੍ਹਬਾ ਦੇ ਪਿੰਡ ਜਨਾਲ 'ਚ ਗ੍ਰਾਂਟ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਅਤੇ ਪੰਚਾਇਤ ਦੇ ਵਿੱਚ ਖਿੱਚੋਤਾਣ ਪੈਦਾ ਹੋ ਗਈ ਹੈ, ਜਿਸ ਨੂੰ ਲੈ ਕੇ ਪੰਚਾਇਤ ਨੇ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਦਿੜ੍ਹਬਾ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੋਲ ਅਤੇ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਵੱਲੋਂ ਹਲਕੇ ਦਿੜ੍ਹਬੇ ਵਿੱਚ ਵਿਕਾਸ ਲਈ ਗ੍ਰਾਟਾਂ ਵੰਡੀਆਂ ਜਾ ਰਹੀਆਂ ਹਨ, ਇਸੇ ਤਹਿਤ ਦਿੜ੍ਹਬਾ ਦੇ ਪਿੰਡ ਜਨਾਲ ਵਿੱਚ ਵੀ ਅਜੈਬ ਸਿੰਘ ਰਟੋਲ ਅਤੇ ਸੁਰਜੀਤ ਧੀਮਾਨ ਗ੍ਰਾਂਟ ਦੇ ਪ੍ਰਪੋਜ਼ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਨਾਲ ਗਏ ਸਨ ਪਰ ਜਦੋ ਉਥੇ ਗਏ ਤਾਂ ਪਿੰਡ ਦਾ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਦੀ ਪੰਚਾਇਤ ਨੇ ਇਲਜ਼ਾਮ ਲਗਾਇਆ ਕਿ ਅਜੈਬ ਰਟੋਲ ਅਤੇ ਸੁਰਜੀਤ ਧੀਮਾਨ ਵੱਲੋਂ ਪੰਚਾਇਤ ਤੋਂ ਬਿਨ੍ਹਾਂ ਹੀ ਗ੍ਰਾਟ ਵੰਡੀ ਜਾ ਰਹੀ ਹੈ।
ਪਿੰਡ ਦੇ ਕਾਂਗਰਸੀ ਸਰਪੰਚ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਅਜੈਬ ਰਟੋਲ ਅਤੇ ਸੁਰਜੀਤ ਧੀਮਾਨ ਵੱਲੋਂ ਪੰਚਾਇਤ ਨੂੰ ਫੰਡ ਦੇਣ ਦੀ ਬਜਾਏ ਉਨ੍ਹਾਂ ਦੇ ਵਿਰੋਧੀਆਂ ਨੂੰ ਦਿੱਤਾ ਜਾ ਰਿਹਾ, ਜਿਨ੍ਹਾਂ ਨੇ 2017 ਵਿੱਚ ਅਕਾਲੀਆਂ ਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਨੇ ਕਿਹਾ ਕਿ ਇਹ ਮਸਲੇ ਨੂੰ ਉਹ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕੋਲ ਉਠਾਉਣਗੇ।
ਇਸ ਦੇ ਨਾਲ ਗੁਰਧਿਆਨ ਸ਼ਰਮਾ ਕਾਂਗਰਸੀ ਬਲਾਕ ਸਮਿਤੀ ਮੈਂਬਰ ਨੇ ਹਲਕੇ ਦੇ ਵਿੱਚ ਧੀਮਾਨ ਦੀ ਦਖ਼ਲਅੰਦਾਜ਼ੀ ਨੂੰ ਗਲਤ ਦੱਸਿਆ ਅਤੇ ਰਟੋਲ ਦੇ ਨਾਲ ਆਉਣ 'ਤੇ ਗਲਤ ਮੰਨਿਆ ਹੈ। ਉੱਥੇ ਹੀ ਮਾਸਟਰ ਰਟੋਲ ਨੂੰ ਹਲਕਾ ਇੰਚਾਰਜ ਹਟਾਉਣ ਦੀ ਮੰਗ ਕੀਤੀ ਤੇ ਸੁਰੀਜਤ ਧੀਮਾਨ ਤੇ ਅਜੈਬ ਰਟੋਲ ਨੂੰ ਪਾਰਟੀ ਲਾਂਭੇ ਕਰਨ ਲਈ ਵੀ ਸਰਕਾਰ ਨੂੰ ਬੇਨਤੀ ਕੀਤੀ।
ਉਥੇ ਹੀ ਸੁਰਜੀਤ ਮਾਨ ਅਤੇ ਹਲਕਾ ਇੰਚਾਰਜ ਮਾਸਟਰ ਅਜੈਬ ਰਟੋਲ ਨੇ ਸਰਕਾਰ ਦੇ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਗ੍ਰਾਂਟ ਆਉਣ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ।
ਧੀਮਾਨ ਨੇ ਕਿਹਾ ਕਿ ਉਨ੍ਹਾਂ ਦਾ ਦਿੜ੍ਹਬਾ ਹਲਕਾ ਪਹਿਲਾਂ ਹੈ ਅਤੇ ਅਮਰਗੜ੍ਹ ਬਾਅਦ ਵਿੱਚ ਹੈ ਕਿਉਂਕਿ ਅਮਰਗੜ੍ਹ ਉਹ ਡੈਪੂਟੇਸ਼ਨ 'ਤੇ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਨੇ ਕੁਝ ਨਹੀਂ ਮੰਗਿਆ ਪਰ ਹੁਣ ਹਰ ਹਲਕੇ ਦੇ ਵਿੱਚ 25 ਕਰੋੜ ਦੇ ਵਿੱਚ ਵਿਕਾਸ ਹੋ ਜਾਵੇਗਾ ਅਤੇ ਅਗਲੇ ਸਾਲ ਫਿਰ 25 ਕਰੋੜ ਮਿਲੇਗਾ।
ਇਹ ਵੀ ਪੜੋ: ਈਟੀਟੀ ਅਤੇ ਬੀਐਡ ਪਾਸ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮੁੱਖ ਮੰਤਰੀ 16 ਮਾਰਚ ਨੂੰ ਦੇਣਗੇ ਖੁਸ਼ਖਬਰੀ
ਦੱਸ ਦੇਈਏ ਕਿ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਪਹਿਲਾਂ ਦਿੜ੍ਹਬੇ ਦੇ ਵਿਧਾਇਕ ਹੁੰਦੇ ਪਰ ਹਲਕਾ ਰਿਜ਼ਰਵ ਹੋਣ ਤੋਂ ਬਾਅਦ ਉਹ ਅਮਰਗੜ੍ਹ ਚਲੇ ਗਏ ਅਤੇ ਦਿੜ੍ਹਬਾ ਹਲਕਾ ਮਾਸਟਰ ਅਜੈਬ ਸਿੰਘ ਨੂੰ ਸੌਂਪਿਆ ਗਿਆ ਪਰ ਮਾਸਟਰ ਰਟੋਲ ਦੋ ਵਾਰ ਦਿੜ੍ਹਬੇ ਦੀ ਚੋਣ ਹਾਰ ਗਏ।