ਸੰਗਰੂਰ: ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਸਾਹਮਣੇ ਪੰਜਾਬ ਪੁਲਿਸ ਪੈੰਡਿੰਗ ਲਿਸਟ 4358 ਯੂਨੀਅਨ ਵੱਲੋਂ ਨੌਕਰੀ ਦੀ ਮੰਗ ਨੂੰ ਲੈ ਕੇ ਪ੍ਰਦਸ਼ਨ ਕੀਤਾ ਗਿਆ। ਪੂਰੇ ਪੰਜਾਬ ਵਿੱਚੋਂ ਸਰਕਾਰ ਤੋਂ ਆਪਣੇ ਰੁਜ਼ਗਾਰ ਦੀ ਮੰਗ ਕਰਦੇ ਮੁੰਡੇ ਕੁੜੀਆਂ ਨੇ ਸਰਕਾਰ ਖਿਲਾਫ਼ ਨਾਅਰੇਵਾਜੀ ਕਰ ਰਹੇ ਸਨ।
1100 ਦੇ ਕਰੀਬ ਉਮੀਦਵਾਰਾਂ ਨੇ ਨਹੀਂ ਕੀਤਾ ਜੁਆਇਨ : ਸਾਲ 2021 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿਭਾਗ ਵਿੱਚ ਵੱਖ ਵੱਖ ਅਸਾਮੀਆਂ ਦੇ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਵਿੱਚ ਪੰਜਾਬ ਪੁਲਿਸ ਕਾਂਸਟੇਬਲ, ਹੈੱਡ ਕਾਂਸਟੇਬਲ, ਸਬ ਇੰਸਪੈਕਟਰ ਅਤੇ ਟੈਕਨੀਕਲ ਸਪੋਰਟ ਸ਼ਾਮਿਲ ਸਨ। ਇਹਨਾਂ ਭਰਤੀਆਂ ਨੂੰ ਪੂਰੀ ਕਰਨ ਦੀ ਪ੍ਰਕਿਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸ਼ੁਰੂ ਕੀਤੀ ਗਈ। ਪੰਜਾਬ ਪੁਲਿਸ ਕਾਂਸਟੇਬਲ 4358 ਨੂੰ ਕੁਝ ਦਿਨ ਪਹਿਲਾਂ ਹੀ ਜੋਆਇਨ ਕਰਵਾਇਆ ਗਿਆ ਹੈ। ਜਿਸ ਵਿੱਚ ਸਿਰਫ 3270 ਨੇ ਹੀ ਜੋਆਇਨ ਕੀਤਾ ਹੈ। ਇਸ ਭਰਤੀ ਵਿੱਚ 1100 ਦੇ ਕਰੀਬ ਉਮੀਦਵਾਰਾਂ ਨੇ ਜੁਆਇਨ ਨਹੀਂ ਕੀਤਾ।
ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤੇ ਮੰਗ ਪੱਤਰ: ਜਿਸ ਦਾ ਮੁੱਖ ਕਾਰਨ ਵੱਖ-ਵੱਖ ਵਿਭਾਗਾਂ ਵਿੱਚ ਇੱਕੋ ਸਮੇਂ ਅਸਾਮੀਆਂ ਦਾ ਆਉਣਾ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਪੁਲਿਸ ਭਰਤੀ ਦੀ ਦੂਜੀ ਲਿਸਟ ਜਾਰੀ ਕੀਤੀ ਜਾਵੇਗੀ। ਇਸ ਸੰਬੰਧੀ ਸਾਡੇ ਵੱਲੋਂ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲ ਚੁੱਕੇ ਹਾਂ ਪਰ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਪੰਜਾਬ ਪੁਲਿਸ ਭਰਤੀ ਦੀ ਦੂਜੀ ਲਿਸਟ ਜਾਰੀ ਨਹੀਂ ਕੀਤੀ ਗਈ।
ਬਹੁਤ ਅਸਾਮੀਆਂ ਖਾਲੀ: ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਭਰਤੀ ਦੀ ਦੂਜੀ ਲਿਸਟ ਜਾਰੀ ਕਰਨ ਦੀ ਵਜਾਇ ਭਰਤੀ ਦੇ ਨਵੇਂ ਨੋਟਿਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਦੀਆਂ ਇੰਟੇਲੀਜੈੰਸ, ਪੁਲਿਸ ਟੈਕਨੀਕਲ ਸਪੋਰਟ ਸਰਵਿਸ ,ਹੈੰਡ ਕਾਂਸਟੇਬਲ, ਸਬ ਇੰਸਪੈਕਟਰ ਆਦਿ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹਨਾਂ ਸਾਰੀਆਂ ਭਰਤੀਆਂ ਵਿੱਚ ਕੋਮਨ ਉਮੀਦਵਾਰ ਹੋਣ ਕਰਕੇ ਬਹੁਤ ਸਾਰੀਆਂ ਅਸਾਮੀਆਂ ਖਾਲੀ ਰਹਿ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਨੌਜਵਾਨਾਂ ਦੇ ਹੱਕ ਮਾਰ ਕੇ ਉਹਨਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ।
ਭਰਤੀ ਦੀ ਉਮਰ ਸੀਮਾ ਵਿੱਚ ਵਾਧਾ ਕਰਨ ਦੀ ਮੰਗ: ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ ਭਰਤੀ ਦੀ ਦੂਜੀ ਲਿਸਟ ਜਲਦੀ ਜਾਰੀ ਕੀਤੀ ਜਾਵੇ ਅਤੇ ਇਸਦੇ ਨਾਲ ਨਾਲ ਪੰਜਾਬ ਪੁਲਿਸ ਭਰਤੀ ਦੇ ਨਵੇਂ ਨੋਟਿਫਿਕੇਸ਼ਨ ਵਿੱਚ ਭਰਤੀ ਦੀ ਉਮਰ ਸੀਮਾ ਵਧਾ ਕੇ 28 ਸਾਲ ਤੋਂ 30 ਸਾਲ ਕੀਤੀ ਜਾਵੇ ਤਾਂ ਜੋ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਬੇਰੁਜ਼ਗਾਰ ਰਹਿ ਚੁੱਕੇ ਨੌਜਵਾਨਾਂ ਨੂੰ ਇੱਕ ਹੋਰ ਮੌਕਾ ਮਿਲ ਸਕੇ।
ਇਹ ਵੀ ਪੜ੍ਹੋ:- Kila Raipur Sports Fair: ਨੌਜਵਾਨ ਨੇ ਦੰਦਾਂ ਨਾਲ ਖਿੱਚੀ ਸਵਾਰੀਆਂ ਨਾਲ ਭਰੀ ਕਾਰ, ਤੁਸੀਂ ਵੀ ਦੇਖ ਹੋ ਜਾਓਗੇ ਹੈਰਾਨ