ਸੰਗਰੂਰ : ਪੰਜਾਬ ਸਰਕਾਰ ਵੱਲੋਂ ਭੇਜੀਆਂ 3 ਫਾਇਰ ਬ੍ਰਿਗੇਡ ਮਸ਼ੀਨਾਂ ਨਗਰ ਪੰਚਾਇਤ ਮੂਣਕ ਕੋਲ ਸਟਾਫ ਦੇ ਨਾ ਹੋਣ ਕਾਰਨ ਸ਼ਹਿਰ ਲਈ ਸਫੈਦ ਹਾਥੀ ਸਾਬਿਤ ਹੋ ਰਹੀਆਂ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੰਜਾਬ ਸਰਕਾਰ ਵੱਲੋਂ ਹਲਕੇ ਲਹਿਰਾਗਾਗਾ ਦੇ ਲਈ ਭੇਜੀਆਂ ਗਈਆਂ ਸਨ। ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅੱਗਨੀ ਵਰਗੀਆਂ ਵਾਪਰਦੀਆਂ ਘਟਨਾਵਾਂ ਦੇ ਨੁਕਸਾਨ ਤੋਂ ਬਚਾਅ ਲਈ ਪਿਛਲੇ ਕੁੱਝ ਮਹੀਨੇ ਪਹਿਲਾਂ ਦੋ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਹਲਕਾ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ, ਜੋ ਕਿ ਬਿਨਾਂ ਕਿਸੇ ਸਾਂਭ-ਸੰਭਾਲ ਅਤੇ ਡਰਾਇਵਰ ਦੀ ਮੌਜੂਦਗੀ ਨਾ ਹੋਣ ਕਾਰਨ ਖ਼ਸਤਾ ਹਾਲਤ ਹੋਣ ਦੇ ਰਸਤੇ ਪੈ ਚੁੱਕੀਆਂ ਹਨ।
ਫਾਇਰ ਬਿਗ੍ਰੇਡ ਗੱਡੀਆਂ ਲਈ ਨਾ ਡਰਾਈਵਰ, ਨਾ ਹੋਰ ਸਟਾਫ : ਸਰਕਾਰ ਵੱਲੋਂ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੋਕਾਂ ਦੇ ਸਪੁਰਦ ਕਰਨ ਲਈ ਵੱਡੇ ਵੱਡੇ ਸਮਾਗਮਾਂ ਸਮੇਤ ਬਹੁਤ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਜਿਸ ਨਾਲ ਹਲਕਾ ਵਾਸੀਆਂ ਨੂੰ ਅੱਗ ਲੱਗਣ ਦੇ ਹੋਣ ਵਾਲੇ ਨੁਕਸਾਨਾਂ ਤੋਂ ਕਾਫੀ ਹੱਦ ਤੱਕ ਬਚਾਅ ਹੋਣ ਦੀ ਆਸ ਬੱਝ ਗਈ ਸੀ, ਪਰ ਹੁਣ ਇਹ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ। ਇਸ ਨੂੰ ਚਲਾਉਣ ਵਾਲਾ ਡਰਾਈਵਰ ਨਹੀਂ ਹੈ ਅਤੇ ਨਾ ਹੀ ਸਾਂਭ ਸੰਭਾਲ ਕਰਨ ਲਈ ਸਟਾਫ।
2 ਵੱਡੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ, ਪਰ ਮਦਦ ਨਹੀਂ ਮਿਲੀ : ਬੀਤੇ ਸਮੇਂ ਦੌਰਾਨ ਮੂਨਕ ਅਤੇ ਲਹਿਰਾਗਾਗਾ ਵਿੱਚ ਵਾਪਰੀਆਂ ਦੋ ਵੱਡੀਆਂ ਘਟਨਾਵਾਂ, ਜੋ ਕਿ ਮੂਣਕ ਵਿਖੇ ਲੱਖਾਂ ਰੁਪਏ ਦੀ ਪਰਾਲੀ ਨੂੰ ਅੱਗ ਲੱਗਣਾ ਅਤੇ ਲਹਿਰਾਗਾਗਾ ਵਿਖੇ ਕੀੜੇਮਾਰ ਦਵਾਈਆਂ ਦੇ ਗੁਦਾਮ ਵਿੱਚ ਅੱਗ ਲੱਗੀ। ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਪਰ ਇੰਨ੍ਹਾਂ ਅੱਗਾਂ ਉੱਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਦੂਰ ਸ਼ਹਿਰਾਂ ਤੋਂ ਮੰਗਵਾਉਣੀ ਪਈਆਂ, ਦੂਰੀ ਵੱਧ ਹੋਣ ਕਾਰਨ ਨੁਕਸਾਨ ਦਾ ਵੱਧ ਜਾਣਾ ਲਾਜ਼ਮੀ ਸੀ।
ਕਿਸਾਨ ਆਗੂ ਨੇ ਚੁੱਕੇ ਸਵਾਲ : ਇਨ੍ਹਾਂ ਖੜੀਆਂ ਫਾਇਰ ਬ੍ਰਿਗੇਡ ਗੱਡੀਆਂ ਉੱਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਰਿੰਕੂ ਮੂਨਕ ਨੇ ਕਿਹਾ ਕਿ ਲੋਕਾਂ ਦਾ ਕਰੋੜਾਂ ਰੁਪਏ ਦਾ ਸਰਮਾਇਆ ਆਖ਼ਰ ਮਿੱਟੀ ਵਿੱਚ ਕਿਉਂ ਰੋਲਿਆ ਜਾ ਰਿਹਾ ਹੈ। ਜਦਕਿ ਸਰਕਾਰ ਵੱਲੋਂ ਡਰਾਈਵਰਾਂ ਦੀ ਭਰਤੀ ਹੀ ਨਹੀਂ ਕੀਤੀ ਗਈ, ਤਾਂ ਫਿਰ ਇਨ੍ਹਾਂ ਗੱਡੀਆਂ ਨੂੰ ਖਰੀਦਣ ਦਾ ਫਾਇਦਾ ਕੀ ਹੋਇਆ। ਇਸ ਤਰ੍ਹਾਂ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ। ਜਦੋਂ ਇਨ੍ਹਾਂ ਗੱਡੀਆਂ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਪ੍ਰਬੰਧ ਨਹੀਂ ਹਨ, ਤਾਂ ਭੇਜਣ ਦੀ ਲੋੜ ਕੀ ਸੀ।
ਉਨ੍ਹਾਂ ਕਿਹਾ ਕਿ, ਆਖਰ ਕੋਈ ਵੀ ਸਾਧਨ ਜਦੋਂ ਮੁਸੀਬਤ ਵੇਲੇ ਕੰਮ ਨਹੀਂ ਆ ਸਕਦਾ, ਤਾਂ ਉਸਦਾ ਫਾਇਦਾ ਕੀ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਲਈ ਡਰਾਈਵਰਾਂ ਦੀ ਅਤੇ ਸਾਂਭ-ਸੰਭਾਲ ਲਈ ਲੋੜੀਂਦੇ ਸਟਾਫ਼ ਦੀ ਭਰਤੀ ਕੀਤੀ ਜਾਵੇ, ਤਾਂ ਜੋ ਕੁਦਰਤੀ ਵਾਪਰੀਆਂ ਘਟਨਾਵਾਂ ਤੋਂ ਕਿਸੇ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਬਹੁਤ ਜਲਦੀ ਹੀ ਸਟਾਫ਼ ਦੀ ਭਰਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Extortion From Merchants Case: ਬਠਿੰਡਾ ਜੇਲ੍ਹ ਨਾਲ ਜੁੜੀ ਵਪਾਰੀਆਂ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ ਦੀ ਤਾਰ