ਮਲੇਰਕੋਟਲਾ: ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਦੀ ਘਟਨਾ ਨੂੰ ਲੈ ਕੇ ਜਿੱਥੇ ਸਿੱਖ ਜਗਤ ਵਿੱਚ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਹੀ ਮੁਸਲਿਮ ਭਾਈਚਾਰਾ ਵੀ ਹੁਣ ਸਿੱਖ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਘਟਨਾ ਦੀ ਨਿਖੇਧੀ ਕਰ ਰਿਹਾ ਹੈ। ਮੁਸਲਿਮ ਭਾਈਚਾਰਾ ਪਾਕਿਸਤਾਨ ਸਰਕਾਰ ਤੋਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ।
ਮਲੇਰਕੋਟਲਾ ਵਿਖੇ ਮੁਫਤੀ ਆਜ਼ਮ ਪੰਜਾਬ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਹਾਜ਼ਰ ਰਹੇ। ਇਸ ਮੌਕੇ ਮੁਫਤੀ ਆਜ਼ਮ ਪੰਜਾਬ ਇਰਤਕਾ ਉਲ ਹਸਨ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਲੋਕ ਅਜਿਹੀਆਂ ਨਫ਼ਰਤਾਂ ਫੈਲਾਉਂਦੇ ਹਨ, ਅਜਿਹੇ ਜੁਰਮ ਕਰਦੇ ਹਨ। ਉਹ ਮੁਸਲਮਾਨ ਨਹੀਂ ਹੋ ਸਕਦੇ। ਉਹ ਸਿਰਫ ਤੇ ਸਿਰਫ ਮੁਜ਼ਰਮ ਹਨ ਜਿਸ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਨਾਲ ਭਾਈਚਾਰਾ ਕਦੇ ਵੀ ਖ਼ਤਮ ਨਹੀਂ ਹੁੰਦਾ।
ਉਧਰ ਹੋਰ ਮੁਸਲਿਮ ਵਿਦਵਾਨ ਆਗੂਆਂ ਵੱਲੋਂ ਵੀ ਕਿਹਾ ਗਿਆ ਕਿ ਆਪਸੀ ਭਾਈਚਾਰਕ ਸਾਂਝਾਂ ਪੁਰਾਣੇ ਸਮੇਂ ਤੋਂ ਚੱਲਦੀਆਂ ਰਹੀਆਂ ਹਨ ਤੇ ਜੋ ਅਜਿਹੇ ਲੋਕ ਹੁੰਦੇ ਹਨ, ਉਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ। ਇਸ ਕਰਕੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹੋਰ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਜਸਵਿੰਦਰ ਸਿੰਘ ਖ਼ਾਲਸਾ ਨਾਮਕ ਸਿੱਖ ਅੰਮ੍ਰਿਤਧਾਰੀ ਵਿਅਕਤੀ ਨੇ ਵੀ ਕਿਹਾ ਹੈ ਕਿ ਇਹ ਸਾਂਝਾਂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਚੱਲਦੀਆਂ ਰਹੀਆਂ ਹਨ, ਜੋ ਕਿ ਅਜਿਹੀਆਂ ਸਾਜ਼ਿਸ਼ਾਂ ਕਰਕੇ ਕਦੇ ਖ਼ਤਮ ਨਹੀਂ ਹੋਣਗੀਆਂ। ਇਹ ਭਾਈਚਾਰਾ ਇਸੇ ਤਰ੍ਹਾਂ ਕਾਇਮ ਰਹੇਗਾ ਅਤੇ ਅਜਿਹੇ ਦੋਸ਼ੀ ਜੋ ਨਫਰਤਾਂ ਭੁਲਾ ਕੇ ਆਪਸੀ ਭਾਈਚਾਰਕ ਸਾਂਝ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।